ਆਪਣੇ ਐਲਾਨੇ ਪ੍ਰੋਗਰਾਮ ਅਨੁਸਾਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਗੋਆ ਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਸਿਹਤ ਮੰਤਰੀ ਅਨਿਲ ਵਿੱਜ ਦੇ ਛਾਉਣੀ ਸਥਿਤ ਸ਼ਾਸਤਰੀ ਕਲੋਨੀ ਨਿਵਾਸ ਦੇ ਬਾਹਰ ਕਿੱਲਾ ਗੱਡ ਕੇ ਗਾਂ ਬੰਨ੍ਹੀ। ਇਸ ਤੋਂ ਪਹਿਲਾਂ ਅਮਰਜੀਤ ਸੈਣੀ ਦੀ ਅਗਵਾਈ ਵਿੱਚ ਸੈਂਕੜੇ ‘ਆਪ’ ਵਰਕਰ ਇੰਦਰਾ ਪਾਰਕ ’ਚ ਇਕੱਠੇ ਹੋਏ ਤੇ ਮਾਰਚ ਕਰਦਿਆਂ ਸਿਹਤ ਮੰਤਰੀ ਦੇ ਨਿਵਾਸ ਦੇ ਬਾਹਰ ਪਹੁੰਚੇ ਜਿਥੇ ਪੁਲੀਸ ਦਾ ਪੂਰਾ ਪ੍ਰਬੰਧ ਸੀ।
ਇਸ ਮੌਕੇ ਅਮਰਜੀਤ ਸੈਣੀ ਨੇ ਕਿਹਾ ਕਿ ਭਾਜਪਾ ਨੇ ਗਊ ਰੱਖਿਆ ਦੇ ਨਾਂ ’ਤੇ ਦੇਸ਼ ਤੇ ਪ੍ਰਦੇਸ਼ ਦੀ ਜਨਤਾ ਨਾਲ ਕਈ ਵਾਅਦੇ ਕੀਤੇ ਸਨ ਪਰ ਸੱਤਾ ਵਿਚ ਆਉਣ ਤੋਂ ਬਾਅਦ ਉਹ ਆਪਣੇ ਵਾਅਦੇ ਭੁੱਲ ਗਏ ਹਨ| ਸਰਕਾਰ ਦੇ ਮੰਤਰੀ ਗਊ ਦੇ ਨਾਂ ’ਤੇ ਸਿਆਸਤ ਕਰ ਰਹੇ ਹਨ। ਅਨਿਲ ਵਿੱਜ ਨੇ ਤਾਂ ਗਾਂ ਨੂੰ ਕੌਮੀ ਪਸ਼ੂ ਬਣਾਉਣ ਦੀ ਗੱਲ ਵੀ ਕੀਤੀ ਸੀ ਜਦੋਂਕਿ ਗਊਆਂ ਦੀ ਸਥਿਤੀ ਬਦ ਤੋਂ ਬੱਦਤਰ ਹੋ ਰਹੀ ਹੈ।
ਅਨਿਲ ਵਿੱਜ ਦੇ ਆਪਣੇ ਹਲਕੇ ਛਾਉਣੀ ’ਚ ਸਿਵਲ ਹਸਪਤਾਲ, ਸੁਭਾਸ਼ ਪਾਰਕ, ਬੱਸ ਸਟੈਂਡ, ਸਬਜ਼ੀ ਮੰਡੀ ਇਥੋਂ ਤੱਕ ਕਿ ਭਾਜਪਾ ਦੇ ਦਫ਼ਤਰ ਦੇ ਸਾਹਮਣੇ ਵੀ ਗਾਵਾਂ ਘੁੰਮਦੀਆਂ ਨਜ਼ਰ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਭੂਮੀਹੀਣ ਕਿਸਾਨਾਂ ਨੂੰ ਗਾਵਾਂ ਦੇਣ ਤੇ ਗਊ ਚਰਾਂਦਾਂ ਰਾਖਵੀਆਂ ਰੱਖਣ ਦਾ ਵੀ ਵਾਅਦਾ ਕੀਤਾ ਸੀ ਪਰ ਸਰਕਾਰ ਕੁੰਭ ਕਰਣੀ ਨੀਂਦ ਸੌਂ ਰਹੀ ਹੈ ਜਿਸ ਲਈ ‘ਆਪ’ ਨੇ ਸਰਕਾਰ ਦੀ ਗਾਵਾਂ ਪ੍ਰਤੀ ਸੰਵੇਦਨਹੀਨਤਾ ਨੂੰ ਦਰਸਾਉਣ ਲਈ ‘ਕਿੱਲਾ ਗੱਡ’ ਮੁਹਿੰਮ ਸ਼ੁਰੂ ਕੀਤੀ ਹੈ।
ਵਰਕਰਾਂ ਨੇ ਸਰਕਾਰ ਵਿਰੋਧੀ ਨਾਅਰੇ ਲਾਉਂਦਿਆਂ ਮੰਗ ਕੀਤੀ ਕਿ ਗਾਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ, ਗਾਵਾਂ ਦੇ ਨਾਂ ਤੇ ਗਊ ਰੱਖਿਆ ਦਲ ਬਣਾ ਕੇ ਚੰਦਾ ਉਗਰਾਹੁਣ ਵਾਲਿਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ, ਆਵਾਰਾ ਘੁੰਮ ਰਹੀਆਂ ਗਾਵਾਂ ਗਊਸ਼ਾਲਾਵਾਂ ’ਚ ਪਹੁੰਚਾਈਆਂ ਜਾਣ, ਦਿੱਲੀ ਦੀ ਤਰਜ਼ ਤੇ ਗਊਆਂ ਦੀ ਸੁਰੱਖਆ ਲਈ ਸਰਕਾਰ ਵੱਲੋਂ 40 ਰੁਪਏ ਪ੍ਰਤੀ ਗਾਂ ਦੇ ਹਿਸਾਬ ਖਰਚ ਦਿੱਤਾ ਜਾਵੇ ਤੇ ਗਾਵਾਂ ਦੀ ਵਜ੍ਹਾ ਕਰਕੇ ਸੜਕਾਂ ’ਤੇ ਰੋਜ਼ਾਨਾ ਹੋ ਰਹੇ ਹਾਦਸਿਆਂ ਦੀ ਜ਼ਿੰਮੇਵਾਰੀ ਲੈਂਦਿਆਂ ਸਰਕਾਰ ਸੜਕ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਕਰੇ। ਇਸ ਮੌਕੇ ਤੇ ਪੰਚਕੂਲਾ ਜ਼ਿਲ੍ਹਾ ਪ੍ਰਧਾਨ ਯੋਗੇਸ਼ਵਰ, ਯਮੁਨਾਨਗਰ ਜ਼ਿਲ੍ਹਾ ਪ੍ਰਧਾਨ ਡਾ. ਰਾਜੇਸ਼ ਸੈਣੀ, ਆਬਜ਼ਰਵਰ ਸਿਰਸਾ ਅਜੈ ਗੌਤਮ, ਰਣਧੀਰ ਸੈਣੀ, ਜਰਨੈਲ ਸਿੰਘ, ਕੁਲਦੀਪ ਕੌਰ, ਮੰਜੂ ਚੌਧਰੀ, ਐਮ.ਕੇ.ਚੱਢਾ, ਕੁਲਦੀਪ ਤਿਆਗੀ, ਐਮ.ਐਸ.ਢਿੱਲੋਂ ਆਦਿ ਮੌਜੂਦ ਸਨ।
Leave a Comment