ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ‘ਤੇ ਕਾਂਗਰਸੀ ਵਿਧਾਇਕ ਸਹੀ ਸੇਵਾਦਾਰ ਬਣ ਕੇ ਲੋਕਾਂ ਦੀ ਸੇਵਾ ਕਰਨਗੇ। ਕਿਸੇ ਵੀ ਵਰਗ ਦੇ ਲੋਕਾਂ ਨੂੰ ਕੰਮਾਂ-ਧੰਦਿਆਂ ਲਈ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ।
ਇੱਥੇ ਅਨਾਜ ਮੰਡੀ ਵਿੱਚ ਐਕਸਪ੍ਰੈਸ ਯਾਤਰਾ ਤਹਿਤ ਪੁੱਜੇ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਲਗਜ਼ਰੀ ਕਾਰਾਂ ਅਤੇ ਹੈਲੀਕਾਪਟਰਾਂ ‘ਤੇ ਘੁੰਮਣ ਦਾ ਸਿਲਸਿਲਾ ਬੰਦ ਕਰਕੇ ਇਨ੍ਹਾਂ ਨੂੰ ਵੇਚ ਕੇ ਰੁਪਏ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਏ ਜਾਣਗੇ। ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਐਸ਼ੋ-ਅਰਾਮ ਲਈ ਨਹੀਂ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਯੂਪੀਏ ਦੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਐਨਡੀਏ ਦੀ ਭਾਜਪਾ ਸਰਕਾਰ ਨਾਲੋਂ ਜ਼ਿਆਦਾ ਬਿਹਤਰ ਰਹੀ ਹੈ।
ਕਾਂਗਰਸ ਨੇ ਹਮੇਸ਼ਾ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਦੇਸ਼ ਦੀ ਅਖੰਡਤਾ ਲਈ ਲੋਕ ਹਿੱਤ ਬਹੁਤ ਸਾਰੇ ਫੈਸਲੇ ਲਾਏ ਸਨ |ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਗੁਰਾ ਸਿੰਘ ਤੁੰਗਵਾਲੀ ਅਤੇ ਹਲਕਾ ਭੁੱਚੋ ਦੇ ਵਿਧਾਇਕ ਅਜੈਬ ਸਿੰਘ ਭੱਟੀ ਨੇ ਸੱਤਾਧਾਰੀ ਪਾਰਟੀ ‘ਤੇ ਵਰ੍ਹਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਰੇਤਾ- ਬੱਜਰੀ, ਟਰਾਂਸਪੋਰਟ ਅਤੇ ਕੇਬਲ ਆਦਿ ‘ਤੇ ਕਬਜ਼ਾ ਕਰਕੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਹੈ।
ਅਕਾਲੀ-ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਪੰਜਾਬ ਨਸ਼ਿਆਂ ਵਿੱਚ ਗਰਕ ਗਿਆ ਹੈ ਅਤੇ ਵੱਡੇ ਪੱਧਰ ‘ਤੇ ਬੇਰੁਜ਼ਗਾਰੀ ਫੈਲ ਗਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਹਰ ਪੱਖ਼ ਤੋਂ ਨਿੱਘਰ ਚੁੱਕੀ ਸਥਿੱਤੀ ਨੂੰ ਬਿਹਤਰ ਬਣਾਉਣ ਲਈ ਕਾਂਗਰਸ ਪਾਰਟੀ ਦਾ ਸਾਥ ਦੇਣ।
Leave a Comment