

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਕਿਸਾਨ ਚੇਤਨਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦਾ ਬੇੜਾ ਡੁੱਬਣ ਵਾਲਾ ਹੈ, ਕਿਉਂਕਿ ਲੋਕ ਬੇਸਬਰੀ ਨਾਲ ਸਰਕਾਰ ਦਾ ਤਖ਼ਤਾ ਪਲਟਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ’ਤੇ ਭਾਜਪਾ ਦੀ ਚੁੱਪੀ ਉਸ ਦੀ ਮਜਬੂਰੀ ਜਾਂ ਸਰਕਾਰੀ ਜਬਰ ’ਚ ਸ਼ਮੂਲੀਅਤ ਨੂੰ ਸਾਬਿਤ ਕਰਦੀ ਹੈ।
ਜੰਮੂ ਕਸ਼ਮੀਰ ਦੇ ਉੜੀ ਸੈਕਟਰ ਵਿੱਚ ਬੀਤੇ ਦਿਨੀਂ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੋਈ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ। ਉਨ੍ਹਾਂ ਆਰ .ਐਸ.ਐਸ ਆਗੂ ਜਗਦੀਸ਼ ਗਗਨੇਜਾ ਦੀ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬ੍ਰਿਗੇਡੀਅਰ ਗਗਨੇਜਾ ’ਤੇ ਹੋਇਆ ਹਮਲਾ ਸਰਕਾਰੀਤੰਤਰ ਦੀ ਨਾਕਾਮੀ ਦਰਸਾਉਂਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਝੋਨੇ ਦੀ ਆਮਦ ਲਈ ਮੰਡੀਆਂ ਸ਼ੁਰੂ ਕਰਨ ਦਾ ਤਾਂ ਐਲਾਨ ਕਰ ਦਿੱਤਾ ਹੈ ਪਰ ਇਹ ਨਹੀਂ ਦੱਸਿਆ ਕਿ ਝੋਨੇ ਦੀ ਖ਼ਰੀਦ ਕਿਵੇਂ ਹੋਣੀ ਹੈ, ਕਿਉਂਕਿ ਬੈਂਕਾਂ ਨੇ ਕੈਸ਼ ਕਰੈਡਿਟ ਲਿਮਟ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ ਹੈ ਅਤੇ ਐਫ.ਸੀ.ਆਈ ਨੇ ਵੀ ਹੱਥ ਖਿੱਚ ਲਏ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੇ ਘਟੀਆ ਬੀਜ ਅਤੇ ਕੀਟਨਾਸ਼ਕ ਸਪਲਾਈ ਕਰਵਾਕੇ ਕਿਸਾਨਾਂ ਨੂੰ ਤਬਾਹੀ ਦੇ ਕੰਢੇ ’ਤੇ ਲਿਆਂ ਦਿੱਤਾ ਹੈ।
ਸੂਬੇ ਵਿੱਚ ਜੋ ਕੁਝ ਹੁੰਦਾ ਹੈ, ਉਸ ਲਈ ਮੁੱਖ ਮੰਤਰੀ ਜ਼ਿੰਮੇਵਾਰ ਹੈ ਤੇ ਨਰਮੇ ਦੀ ਫ਼ਸਲ ਨੁਕਸਾਨ ਲਈ ਅਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਲਈ ਮੁੱਖ ਮੰਤਰੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਉਣ ’ਤੇ ਨਸ਼ੇ ਦੇ ਕਾਰੋਬਾਰ ਨੂੰ ਨਕੇਲ ਪਾਈ ਜਾਵੇਗੀ| ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ’ਚ ਸੁੱਟਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕੇਜਰੀਵਾਲ ਨੂੰ ਚਨੌਤੀ ਦਿੱਤੀ ਹੈ ਕਿ ਸ੍ਰੀ ਕੇਜਰੀਵਾਲ ਪੰਜਾਬ ਦੇ ਹਿੱਤ ਵਿੱਚ ਕਦੀ ਨਹੀਂ ਬੋਲਣਗੇ। ਉਨ੍ਹਾਂ ਦੁਹਰਾਇਆ ਕਿ ਜਿੱਥੋਂ ਕੇਜਰੀਵਾਲ ਚੋਣ ਲੜਣਗੇ, ਉਹ ਵੀ ਉਸੇ ਹਲਕੇ ਤੋਂ ਖੜ੍ਹੇ ਹੋਣਗੇ।
ਰੈਲੀ ਨੂੰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ, ਅੰਬਿਕਾ ਸੋਨੀ, ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਸਹਿ ਇੰਚਾਰਜ ਹਰੀਸ਼ ਚੌਧਰੀ, ਸਾਬਕਾ ਮੈਂਬਰ ਪਾਰਲੀਮੈਂਟ ਮਹਿੰਦਰ ਸਿੰਘ ਕੇਪੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਪਵਨ ਆਦੀਆ, ਵਿਧਾਇਕ ਸੁੰਦਰ ਸ਼ਾਮ ਅਰੋੜਾ, ਸੰਗਤ ਸਿੰਘ ਗਿਲਜੀਆਂ ਤੇ ਰਜਨੀਸ਼ ਬੱਬੀ ਨੇ ਵੀ ਸੰਬੋਧਨ ਕੀਤਾ ਹੈ|
Leave a Comment