ਪਛੜੀਆਂ ਸ਼੍ਰੇਣੀਆਂ ’ਚ ਸ਼ਾਮਲ ਕਰਨ ਵਾਲਿਆ ਜਾਤੀਆਂ ਦਾ ਫੈਸਲਾ ਲਿਆ ਬਾਦਲ:ਗੋਸਾਈਂ, ਗੋਸਵਾਮੀ, ਯਾਦਵ, ਅਹੀਰ ਅਤੇ ਰਬਾਰੀ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ਦੌਰਾਨ ਗੋਸਾਈਂ, ਗੋਸਵਾਮੀ, ਯਾਦਵ, ਅਹੀਰ ਅਤੇ ਰਬਾਰੀ ਜਾਤੀਆਂ ਨੂੰ ਪਛੜੀਆਂ ਸ਼੍ਰੇਣੀਆਂ ’ਚ ਸ਼ਾਮਲ ਕਰਨ ਦਾ ਫੈਸਲਾ ਲਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਵਰਗਾਂ ਦੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਦਰਜਾ ਦਿੱਤਾ ਗਿਆ ਹੈ।
ਮੰਤਰੀ ਮੰਡਲ ਵੱਲੋਂ ਜਿਹੜੇ ਹੋਰ ਫੈਸਲੇ ਲਏ ਗਏ ਉਨ੍ਹਾਂ ਵਿੱਚ ਸੰਗਰੂਰ ਜ਼ਿਲ੍ਹੇ ਦੇ ਕਸਬੇ ਅਹਿਮਦਗੜ੍ਹ ਨੂੰ ਤਹਿਸੀਲ ਅਤੇ ਅਜੀਤਵਾਲ ਅਤੇ ਸਮਾਲਸਰ ਨੂੰ ਸਬ-ਤਹਿਸੀਲਾਂ ਦਾ ਦਰਜਾ ਦੇਣਾ, ਫੂਡ ਕਰੈਡਿਟ ਦੇ ਵਿਰਾਸਤੀ ਖਾਤਿਆਂ ਦੇ ਨਿਬੇੜੇ ਲਈ ਕੈਬਨਿਟ ਸਬ-ਕਮੇਟੀ ਦੀਆਂ ਸਿਫਾਰਿਸ਼ਾਂ ਪ੍ਰਵਾਨ ਕਰਨਾ, ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ ਵਧਾਉਣਾ, ਭੋਗਪੁਰ ਸਿਵਲ ਡਿਸਪੈਂਸਰੀ ਨੂੰ ਮੁੱਢਲਾ ਸਿਹਤ ਕੇਂਦਰ ਬਣਾਉਣਾ, ਨਿੱਜੀ ਖੰਡ ਮਿੱਲਾਂ ਤੋਂ 223 ਕਰੋੜ ਰੁਪਏ ਦੀ ਵਸੂਲੀ ਯਕੀਨੀ ਬਣਾਉਣਾ, ਗੰਨਾ ਉਤਪਾਦਕਾਂ ਨੂੰ 112 ਕਰੋੜ ਰੁਪਏ ਦਾ ਭੁਗਤਾਨ ਕਰਨਾ ਅਤੇ ਐਸਸੀਐਸਪੀ ਡਾਇਰੈਕਟੋਰੇਟ ਦੇ ਗਰੁੱਪ-ਬੀ ਸੇਵਾ ਨਿਯਮਾਂ ਨੂੰ ਬਣਾਉਣ ਦੀ ਪ੍ਰਵਾਨਗੀ ਦੇਣਾ ਆਦਿ ਸ਼ਾਮਲ ਹਨ।
ਮੰਤਰੀ ਮੰਡਲ ਨੇ ਗੋਸਾਈਂ/ਗੋਸਵਾਮੀ, ਯਾਦਵ/ਅਹੀਰ ਅਤੇ ਰਬਾਰੀ ਜਾਤੀਆਂ ਨੂੰ ਪਛੜੀਆਂ ਸ਼੍ਰੇਣੀਆਂ ਦੀ ਸੂਚੀ ਵਿਚ ਸ਼ਾਮਲ ਕਰਨ ਦੀ ਪ੍ਰਵਾਨਗੀ ਦਿੰਦਿਆਂ ਰਾਜ ਚਿਲੀਆਂ ਪਛੜੀਆਂ ਸ਼੍ਰੇਣੀਆਂ ਦੀ ਮੌਜੂਦਾ ਸੂਚੀ ਨੂੰ ਵੀ ਸੋਧਣ ਲਈ ਹਰੀ ਝੰਡੀ ਦੇ ਦਿੱਤੀ ਹੈ।
ਅਹਿਮਦਗੜ੍ਹ, ਅਜੀਤਵਾਲ ਅਤੇ ਸਮਾਲਸਰ ਕਸਬਿਆਂ ਨੂੰ ਤਹਿਸੀਲ ਤੇ ਸਬ-ਤਹਿਸੀਲਾਂ ਦਾ ਦਰਜਾ ਦੇ ਕੇ ਦਫ਼ਤਰੀ ਸਟਾਫ ਦੀ ਰਚਨਾ ਲਈ ਵੀ ਹਰੀ ਝੰਡੀ ਦਿੱਤੀ ਹੈ। ਪੰਜਾਬ ਸਰਕਾਰ ਦੇ ਫੂਡ ਕਰੈਡਿਟ ਦੇ ਵਿਰਾਸਤੀ ਖਾਤਿਆਂ ਦੇ ਨਿਬੇੜੇ ਲਈ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਧਾਰਿਤ ਕੈਬਨਿਟ ਸਬ-ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਸਬ-ਕਮੇਟੀ ਨੇ ਸਿਫਾਰਿਸ਼ ਕੀਤੀ ਹੈ ਕਿ 20 ਸਤੰਬਰ, 2016 ਨੂੰ ਭਾਰਤੀ ਸਟੇਟ ਬੈਂਕ ਦੇ ਨਾਲ ਹੋਈ ਮੀਟਿੰਗ ਵਿਚ ਉਸ ਨੇ ਵਿਆਜ ਦੀ ਦਰ 9.26 ਫੀਸਦੀ ਤੋਂ ਘਟਾ ਕੇ 8.25 ਫੀਸਦੀ ਕਰਨ ’ਤੇ ਸਹਿਮਤੀ ਦੇ ਦਿੱਤੀ ਹੈ।
ਨੀਲਾ ਕਾਰਡ ਧਾਰਕਾਂ, ਕਿਸਾਨਾਂ, ਵਪਾਰੀਆਂ, ਕਿਰਤੀ ਪਰਿਵਾਰਾਂ ਨੂੰ ਸਿਹਤ ਬੀਮਾ ਮੁਹੱਈਆ ਕਰਵਾਉਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਮਿਆਦ 1 ਨਵੰਬਰ, 2016 ਤੋਂ 31 ਅਕਤੂਬਰ, 2017 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਨਿੱਜੀ ਖੰਡ ਮਿੱਲਾਂ ਤੋਂ 223 ਕਰੋੜ ਰੁਪਏ ਦੀ ਵਸੂਲੀ ਯਕੀਨੀ ਬਣਾਉਣ ਦਾ ਫੈਸਲਾ ਵੀ ਕੀਤਾ ਹੈ।
ਕਿਸਾਨਾਂ ਦੇ ਬਕਾਏ ਲਈ ਸਰਕਾਰ ਵੱਲੋਂ ਆਰਜ਼ੀ ਪ੍ਰਬੰਧ ਵਜੋਂ 112 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾਵੇਗਾ। ਨਵੇਂ ਸਥਾਪਤ ਡਾਇਰੈਕਟੋਰੇਟ ਆਫ ਸਪੈਸ਼ਲ ਕੰਪੋਨੈਂਟ ਪਲਾਨ ਦੇ ਮੱਦੇਨਜ਼ਰ ਡਾਇਰੈਕਟੋਰੇਟ ਆਫ ਸ਼ਡਿਊਲਡ ਕਾਸਟਸ ਸਬ-ਪਲਾਨ ਦੇ ਗਰੁੱਪ-ਬੀ ਸੇਵਾ ਨਿਯਮ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਬਾਰੇ ਕੋਈ ਮਤਾ ਨਹੀਂ
ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਅੱਜ ਕੱਚੇ ਅਤੇ ਠੇਕਾ ਅਧਾਰਿਤ ਨੌਕਰੀਆਂ ’ਤੇ ਕੰਮ ਕਰ ਰਹੇ ਮੁਲਜ਼ਮਾਂ ਦੇ ਭਵਿੱਖ ਬਾਰੇ ਕੋਈ ਫੈਸਲਾ ਨਹੀਂ ਲਿਆ। ਅਜਿਹੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦੀ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ। ਇਨ੍ਹਾਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨਾਲ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ।
ਸੂਤਰਾਂ ਮੁਤਾਬਕ ਵਜ਼ਾਰਤ ਵਿੱਚ ਇਸ ਮੁੱਦੇ ’ਤੇ ਸਰਸਰੀ ਜਿਹੀ ਗੱਲ ਹੀ ਹੋਈ। ਸੂਤਰਾਂ ਮੁਤਾਬਕ ਸਰਕਾਰ ਵੀ ਚਾਹੇ ਤਾਂ ਵੀ ਕਈ ਹਫਤਿਆਂ ਦਾ ਸਮਾਂ ਲੱਗ ਸਕਦਾ ਹੈ, ਕਿਉਂਕਿ ਵੱਖ ਵੱਖ ਵਿਭਾਗਾਂ ਨੂੰ ਸੂਚੀਆਂ ਤਿਆਰ ਕਰਨ ਲਈ ਕਿਹਾ ਹੈ।
ਭਾਜਪਾ ਦੇ ਸਾਰੇ ਮੰਤਰੀ ਗੈਰਹਾਜ਼ਰ
ਪੰਜਾਬ ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ’ਚ ਭਾਜਪਾ ਦੇ ਚਾਰੇ ਮੰਤਰੀਆਂ ਵਿੱਚੋਂ ਕੋਈ ਵੀ ਸ਼ਾਮਲ ਨਹੀਂ ਹੋਇਆ। ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦਾ ਕਹਿਣਾ ਸੀ ਕਿ ਤਿੰਨ ਮੰਤਰੀ ਪਾਰਟੀ ਦੀ ਕੌਮੀ ਕਾਰਜਕਰਨੀ ਦੀ ਮੀਟਿੰਗ ’ਚ ਹਿੱਸਾ ਲੈਣ ਕੇਰਲਾ ਗਏ ਹੋਣ ਕਰ ਕੇ ਮੀਟਿੰਗ ’ਚ ਨਹੀਂ ਪਹੁੰਚ ਸਕੇ। ਚੁੰਨੀ ਲਾਲ ਭਗਤ ਦੀ ਗੈਰਹਾਜ਼ਰੀ ਸਬੰਧੀ ਉਨ੍ਹਾਂ ਕੁਝ ਨਹੀਂ ਕਿਹਾ। ਨਾਲੇ ਇਸ ਤਰ੍ਹਾਂ ਮੀਟਿੰਗ ਅਕਾਲੀ ਮੰਤਰੀਆਂ ਦੀ ਹੀ ਹੋ ਨਿੱਬੜੀ।
Leave a Comment