ਬਸਪਾ ਦੇ ਨਵੇਂ ਸੂਬਾ ਪ੍ਰਧਾਨ : ਰਛਪਾਲ ਸਿੰਘ ਰਾਜੂ
ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੰਜਾਬ ਦੀ ਲੀਡਰਸ਼ਿਪ ਵਿੱਚ ਵੱਡੀ ਤਬਦੀਲੀ ਕਰਦਿਆਂ ਸੂਬੇ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਸਮੇਤ ਸਮੁੱਚੇ ਅਹੁਦੇਦਾਰ ਬਦਲ ਦਿੱਤੇ ਹਨ ਤੇ ਨਾਲ ਹੀ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਰਛਪਾਲ ਸਿੰਘ ਰਾਜੂ ਨੂੰ ਨਵਾਂ ਸੂਬਾਈ ਪ੍ਰਧਾਨ ਥਾਪਿਆ ਹੈ।
ਇਥੇ ਪਾਰਟੀ ਦੇ ਸੂਬਾਈ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਹੁਕਮਾਂ ਅਨੁਸਾਰ ਬਸਪਾ ਦੇ ਪੰਜਾਬ ਇੰਚਾਰਜ ਡਾ. ਮੇਘਰਾਜ ਸਿੰਘ ਨੇ ਪਾਰਟੀ ਉਮੀਦਵਾਰਾਂ ਤੇ ਸੂਬੇ ਦੀ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ। ਬਸਪਾ ਦੀ ਨਵੀਂ ਟੀਮ ਵਿੱਚ ਇੱਕ ਉਪ ਪ੍ਰਧਾਨ, 5 ਜਨਰਲ ਸਕੱਤਰ, 6 ਸਕੱਤਰ, ਇਕ ਖ਼ਜ਼ਾਨਚੀ ਤੇ ਦੋ ਸਟੇਟ ਕਮੇਟੀ ਮੈਂਬਰ ਸ਼ਾਮਲ ਕੀਤੇ ਗਏ ਹਨ।
ਡਾ. ਮੇਘਰਾਜ ਸਿੰਘ ਨੇ ਪੰਜਾਬ ਵਿਧਾਨ ਸਭਾ ਲਈ 9 ਉਮੀਦਵਾਰਾਂ ਦਾ ਐਲਾਨ ਕਰਦਿਆਂ ਦੱਸਿਆ ਕਿ ਹਲਕਾ ਫਿਲੌਰ (ਰਾਖਵੀਂ) ਤੋਂ ਅਵਤਾਰ ਸਿੰਘ ਕਰੀਮਪੁਰੀ ਨੂੰ, ਡਾ. ਨਛੱਤਰ ਪਾਲ ਨੂੰ ਨਵਾਂਸ਼ਹਿਰ ਤੋਂ, ਗੁਰਲਾਲ ਸੈਲਾ ਨੂੰ ਚੱਬੇਵਾਲ ਤੋਂ, ਠੇਕੇਦਾਰ ਰਜਿੰਦਰ ਸਿੰਘ ਨੂੰ ਬੰਗਾ ਤੋਂ, ਹਰਭਜਨ ਸਿੰਘ ਬਜਹੇੜੀ ਨੂੰ ਖਰੜ ਤੋਂ, ਡਾ. ਮੱਖਣ ਸਿੰਘ ਨੂੰ ਮਹਿਲ ਕਲਾਂ ਤੋਂ, ਕਿੱਕਰ ਸਿੰਘ ਨੂੰ ਜੈਤੋਂ ਤੋਂ, ਐਡਵੋਕੇਟ ਗੁਰਬਖ਼ਸ਼ ਸਿੰਘ ਚੌਹਾਨ ਨੂੰ ਫ਼ਰੀਦਕੋਟ ਤੋਂ ਅਤੇ ਹਰਜਿੰਦਰ ਸਿੰਘ ਮਿੱਠੂ ਨੂੰ ਤਲਵੰਡੀ ਸਾਬੋਂ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਸ੍ਰੀ ਕਰੀਮਪੁਰੀ ਨੂੰ ਹਲਕਾ ਫਿਲੌਰ ਤੋਂ ਉਮੀਦਵਾਰ ਬਣਾਉਣ ਦੇ ਨਾਲ ਪੰਜਾਬ ਤੇ ਚੰਡੀਗੜ੍ਹ ਦਾ ਇੰਚਾਰਜ ਤੇ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦਾ ਮੈਂਬਰ ਵੀ ਲਗਾਇਆ ਗਿਆ ਹੈ।
ਸੂਬਾਈ ਕਾਰਜਕਾਰਨੀ ਵਿੱਚ ਰਛਪਾਲ ਸਿੰਘ ਰਾਜੂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਤੇ ਅਜੀਤ ਸਿੰਘ ਪ੍ਰਜਾਪਤੀ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪੰਜ ਜਨਰਲ ਸਕੱਤਰਾਂ ਵਿੱਚ ਬਲਵਿੰਦਰ ਕੁਮਾਰ, ਮਾਸਟਰ ਰਾਮ ਲੁਭਾਇਆ, ਜੋਗਾ ਸਿੰਘ ਪਨੌਦੀਆ, ਕੁਲਦੀਪ ਸਿੰਘ ਸਰਦੂਲਗੜ੍ਹ ਤੇ ਸੰਤ ਰਾਮ ਮੱਲੀਆਂ ਸ਼ਾਮਲ ਹਨ।
ਰੋਹਿਤ ਖੋਖਰ, ਬਲਵਿੰਦਰ ਬਿੱਟਾ, ਗੁਰਮੇਲ ਚੰਦੜ, ਰਾਮ ਸਿੰਘ ਆਜ਼ਾਦ, ਹਰਜੀਤ ਸਿੰਘ ਸੈਣੀ, ਸ਼ਿੰਗਾਰਾ ਸਿੰਘ ਨੂੰ ਸੂਬਾ ਸਕੱਤਰ, ਜਦਕਿ ਬਾਬੂ ਸੁੰਦਰ ਪਾਲ ਨੂੰ ਸੂਬਾਈ ਖ਼ਜ਼ਾਨਚੀ, ਗੁਰਦੀਪ ਸਿੰਘ ਗੋਗੀ ਤੇ ਬੀਬੀ ਰਵਿਤਾ ਨੂੰ ਸੂਬਾ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਬਲਵਿੰਦਰ ਕੁਮਾਰ, ਮਾਸਟਰ ਰਾਮ ਲੁਭਾਇਆ ਤੇ ਰੋਹਿਤ ਖੋਖਰ ਪਹਿਲਾਂ ਦੀ ਤਰ੍ਹਾਂ ਹੀ ਜਲੰਧਰ ਜ਼ੋਨ ਦੇ ਕੋਆਰਡੀਨੇਟਰ ਹੋਣਗੇ।
ਜੋਗਾ ਸਿੰਘ ਪਨੌਦੀਆ, ਬਲਵਿੰਦਰ ਬਿੱਟਾ, ਗੁਰਮੇਲ ਚੰਦੜ ਤੇ ਰਾਮ ਸਿੰਘ ਆਜ਼ਾਦ ਪਟਿਆਲਾ ਜ਼ੋਨ ਦੇ ਕੋਆਰਡੀਨੇਟਰ ਹੋਣਗੇ। ਅਜੀਤ ਸਿੰਘ ਪ੍ਰਜਾਪਤੀ, ਕੁਲਦੀਪ ਸਰਦੂਲਗੜ੍ਹ, ਸੰਤ ਰਾਮ ਮੱਲੀਆਂ ਜ਼ੋਨ ਫ਼ਿਰੋਜ਼ਪੁਰ ਦੇ ਕੋਆਰਡੀਨੇਟਰ ਹੋਣਗੇ। ਡਾ. ਮੇਘਰਾਜ ਸਿੰਘ ਨੇ ਦੱਸਿਆ ਕਿ ਪਾਰਟੀ ਵੱਲੋਂ ਬਸਪਾ ਸੰਸਥਾਪਕ ਸ੍ਰੀ ਕਾਂਸ਼ੀ ਰਾਮ ਦੇ ਪ੍ਰੀਨਿਰਵਾਣ ਦਿਵਸ ਦੇ ਮੌਕੇ 9 ਅਕਤੂਬਰ ਨੂੰ ਫਗਵਾੜਾ ਦੀ ਦਾਣਾ ਮੰਡੀ ਵਿੱਚ ਸੂਬਾ ਪੱਧਰੀ ਬਸਪਾ ਲਿਆਓ ਪੰਜਾਬ ਬਚਾਓ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਪਾਰਟੀ ਦੇ ਸੂਬਾ ਇੰਚਾਰਜ਼ ਪ੍ਰਕਾਸ਼ ਭਾਰਤੀ ਪਾਰਟੀ ਵਰਕਰ ਮੌਜੂਦ ਸਨ।
Leave a Comment