ਮੁਹੰਮਦ ਫਰਾਹ: ਦੁਨੀਆਂ ਦਾ ਦੂਜਾ ਅਥਲੀਟ
ਲੰਡਨ-2012 ਓਲੰਪਿਕ ਵਿੱਚ ਪੰਜ ਅਤੇ ਦਸ ਹਜ਼ਾਰ ਮੀਟਰ ਲੰਮੀਆਂ ਦੌੜਾਂ ਵਿੱਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਬਰਤਾਨੀਆ ਦੇ ਸਿਆਹਫਾਮ ਦੌੜਾਕ ਮੁਹੰਮਦ ਫਰਾਹ ਨੇ ਰੀਓ-2016 ਵਿੱਚ ਵੀ ਇਨ੍ਹਾਂ ਦੌੜਾਂ ਵਿੱਚ ਸੋਨ ਦੇ ਦੋ ਮੈਡਲ ਜਿੱਤਣ ਦਾ ਕ੍ਰਿਸ਼ਮਾ ਕਰ ਕੇ ਆਪਣਾ ਨਾਮ ਓਲੰਪਿਕ ਖੇਡਾਂ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾਇਆ ਹੈ।
ਮੁਹੰਮਦ ਫਰਾਹ ਦੁਨੀਆਂ ਦਾ ਦੂਜਾ ਅਥਲੀਟ ਹੈ, ਜਿਸ ਨੂੰ ਦੋ ਓਲੰਪਿਕਸ ਦੌਰਾਨ ਪੰਜ ਅਤੇ ਦਸ ਹਜ਼ਾਰ ਮੀਟਰ ਲੰਮੀਆਂ ਦੌੜਾਂ ਵਿੱਚ ਸੋਨ ਤਗ਼ਮੇ ਜਿੱਤਣ ਦਾ ਸੁਭਾਗ ਹਾਸਲ ਹੋਇਆ।
ਇਸ ਪਹਿਲਾਂ ਫਿਨਲੈਂਡ ਦੇ ਅਥਲੀਟ ਲੈਸੇ ਅਤੂਰੀ ਵਿਰੇਨ ਨੇ ਮਿਊਨਿਖ-1972 ਅਤੇ ਮਾਂਟੀਰੀਅਲ-1976 ਓਲੰਪਿਕਸ ਦੇ ਪੰਜ ਅਤੇ 10 ਹਜ਼ਾਰ ਮੀਟਰ ਦੌੜਾਂ ਵਿੱਚ ਸੋਨੇ ਦੇ ਤਗ਼ਮੇ ਜਿੱਤੇ ਹਨ।
ਤੇਤੀ ਬਸੰਤਾਂ ਹੰਢਾਅ ਚੁੱਕਾ ਫਰਾਹ ਨੇ ਆਪਣੇ ਹੁਣ ਤੱਕ ਦੇ ਖੇਡ ਕਰੀਅਰ ਵਿੱਚ 16 ਗੋਲਡ, 7 ਸਿਲਵਰ ਅਤੇ 2 ਤਾਂਬੇ ਦੇ ਮੈਡਲ ਜਿੱਤੇ ਹਨ। ਲੰਡਨ ਨੇੜੇ ਟਵਿਕੇਨਹਾਮ ਵਿੱਚ ਸੇਂਟ ਮੈਰੀ ਯੂਨੀਵਰਸਿਟੀ ਕਾਲਜ ਵਿੱਚ ਪੜ੍ਹਦਿਆਂ ਫਰਾਹ ਨੇ ਕੋਚ ਚਾਰਲਸ ਵੇਨ ਕੋਮੈਂਸ ਦੀ ਨਿਗਰਾਨੀ ਹੇਠ ਦੌੜਨ ਦੀ ਸ਼ੁਰੂਆਤ ਕੀਤੀ।
ਕੋਚ ਦੇ ਕਹਿਣ ’ਤੇ ਫਰਾਹ ਨੇ ਪਹਿਲਾਂ ਪਹਿਲ 800 ਤੇ 1500 ਮੀਟਰ ਦੌੜਾਂ ਲਾਉਣੀਆਂ ਸ਼ੁਰੂ ਕੀਤੀਆਂ। ਇਸ ਦੌਰਾਨ ਕਾਲਜ ਵਿੱਚ ਹੁੰਦੇ ਖੇਡ ਮੁਕਾਬਲਿਆਂ ਵਿੱਚ ਫਰਾਹ ਆਪਣੇ ਰੈਗੂਲਰ 800 ਅਤੇ 1500 ਮੀਟਰ ਵਰਗਾਂ ਤੋਂ ਇਲਾਵਾ ਤਿੰਨ, ਪੰਜ ਅਤੇ 10 ਹਜ਼ਾਰ ਮੀਟਰ ਦੌੜਾਂ ਵਿੱਚ ਕੋਈ ਨਾ ਕੋਈ ਤਗ਼ਮਾ ਜਿੱਤਦਾ ਰਿਹਾ।
ਫਰਾਹ ਦੀਆਂ ਮੁੱਢਲੀਆਂ ਪ੍ਰਾਪਤੀਆਂ ਅਤੇ ਦਿਲਚਸਪੀ ਨੂੰ ਵੇਖਦਿਆਂ ਕੋਚ ਨੇ ਉਸ ਨੂੰ ਟਰੈਕ ਦੇ ਲੰਮੇ ਰੂਟ ’ਤੇ ਪਾਉਣ ਦਾ ਫੈਸਲਾ ਲਿਆ। ਹੱਡ ਭੰਨਵੀਂ ਕੋਚਿੰਗ ਦਾ ਸਿੱਟਾ ਹੈ ਕਿ ਫਰਾਹ ਅੱਜ ਲੰਮੀ ਦੂਰੀ ਦੀਆਂ ਦੌੜਾਂ ਵਿੱਚ ਅਜਿਹੇ ਮਾਅਰਕੇ ਮਾਰ ਰਿਹਾ ਹੈ, ਜਿਨ੍ਹਾਂ ’ਤੇ ਪੁੱਜਣਾ ਭਵਿੱਖ ਦੇ ਅਥਲੀਟਾਂ ਲਈ ਸੌਖਾ ਨਹੀਂ ਹੋਵੇਗਾ।
ਪੰਜ ਹਜ਼ਾਰ ਮੀਟਰ ਦੌੜ ਵਿੱਚ ਕੌਮੀ ਰਿਕਾਰਡਧਾਰੀ ਅਥਲੀਟ ਦਾ ਪੂਰਾ ਨਾਮ ਮੁਹੰਮਦ ਮੁਖ਼ਤਾਰ ਜਾਮਾ ਫਰਾਹ ਹੈ। ਪੰਜ ਫੁੱਟ 9 ਇੰਚ ਕੱਦ ਦੇ ਮਾਲਕ ਫਰਾਹ ਦਾ ਜਨਮ ਮਾਰਚ 23, 1983 ਵਿੱਚ ਸੋਮਾਲੀਆ ਵਿੱਚ ਹੋਇਆ।
ਅੱਠ ਸਾਲ ਦੀ ਉਮਰ ਵਿੱਚ ਜੁੜਵਾ ਭਰਾ ਤੋਂ ਵੱਖ ਹੋਣ ਵਾਲਾ ਫਰਾਹ ਆਪਣੇ ਪਿਤਾ ਨਾਲ ਲੰਡਨ ਆ ਗਿਆ। ਲੰਮੀਆਂ ਦੌੜਾਂ ਪ੍ਰਤੀ ਦਿਲਚਸਪੀ ਉਸ ਲਈ ਬਰਤਾਨੀਆ ਦੀ ਨਾਗਰਿਕਤਾ ਹਾਸਲ ਕਰਨ ਦਾ ਕਾਰਨ ਬਣੀ। ਫਰਾਹ ਨੇ ਵਿਆਹ ਲੰਮੇ ਸਮੇਂ ਤੋਂ ਮਿੱਤਰ ਰਹੀ ਤਾਨੀਆ ਨੇਲ ਨਾਲ ਕਰਵਾਇਆ।
ਮੁਹੰਮਦ ਫਰਾਹ ਭਾਵੇਂ ਬਰਤਾਨੀਆ ਦਾ ਨਾਗਰਿਕ ਹੈ ਪਰ ਉਸ ਦਾ ਆਪਣਾ ਘਰ ਅਮਰੀਕਾ ਦੇ ਪੋਰਟਲੈਂਡ ਵਿੱਚ ਹੈ, ਜਿੱਥੇ ਉਸ ਦੀ ਪਤਨੀ ਤਾਨੀਆ ਜੁੜਵਾ ਧੀਆਂ ਆਇਸ਼ਾ ਤੇ ਅਮਾਨੀ ਅਤੇ ਪੁੱਤਰ ਹੁਸੇਇਨ ਨਾਲ ਰਹਿੰਦੀ ਹੈ।
ਵੱਡੀ ਧੀ ਆਇਸ਼ਾ ਨੂੰ ਲੰਡਨ ਓਲੰਪਿਕ ਦੇ 2 ਗੋਲਡ ਮੈਡਲ ਅਤੇ ਛੋਟੀ ਅਮਾਨੀ ਨੂੰ ਰੀਓ ਓਲੰਪਿਕ ਵਿੱਚ ਜਿੱਤੇ ਮੈਡਲ ਸਮਰਪਿਤ ਕਰਨ ਤੋਂ ਬਾਅਦ ਫਰਾਹ ਨੇ ਕਿਹਾ ਕਿ ਉਸ ਦਾ ਮਿਸ਼ਨ ਪੂਰਾ ਹੋ ਗਿਆ ਹੈ, ਇਸ ਲਈ ਉਹ ਹਲਕਾ ਹੋਇਆ ਮਹਿਸੂਸ ਰਿਹਾ ਹੈ।
ਸਾਲ-2013 ਵਿੱਚ ਇੰਗਲੈਂਡ ਦੇ ਵੱਡੇ ਸਨਮਾਨ ‘ਕਮਾਂਡਰ ਆਫ ਦਿ ਆਡਰ ਆਫ ਦਿ ਬ੍ਰਿਟਿਸ਼ ਐਂਪਾਇਰ’ ਨਾਲ ਨਿਵਾਜੇ ਗਏ ਫਰਾਹ ਨੂੰ ਫੁਟਬਾਲ ਖੇਡ ਨਾਲ ਖਾਸ ਸਨੇਹ ਹੈ ਅਤੇ ਘਰੇਲੂ ਅਰਸਨੇਲ ਐਫਸੀ ਉਸ ਦਾ ਚਹੇਤਾ ਕਲੱਬ ਹੈ।
‘ਮੁਸਲਿਮ ਐਂਡ ਸਪੋਰਟਰ ਆਫ ਦਿ ਮੁਸਲਿਮ ਰਾਈਟਰਜ਼ ਅਵਾਰਡ’ ਹਾਸਲ ਫਰਾਹ ਨੂੰ ਮੁਸਲਿਮ ਹੋਣ ਦਾ ਖਮਿਆਜ਼ਾ ਵੀ ਭੁਗਤਣਾ ਪਿਆ, ਜਦੋਂ ਨਾਮ ਨਾਲ ਮੁਹੰਮਦ ਹੋਣ ਕਰ ਕੇ ਅਮਰੀਕੀ ਕਸਟਮ ਵਿਭਾਗ ਵਾਲਿਆਂ ਨੇ 2012 ਵਿੱਚ ਉਸ ਨੂੰ ਕਈ ਘੰਟੇ ਹਵਾਈ ਅੱਡੇ ਉਤੇ ਬਿਠਾਈ ਰੱਖਿਆ।
ਆਖਰ ਲੰਡਨ ਓਲੰਪਿਕ ਵਿੱਚ ਜਿੱਤੇ ਤਗਮਿਆਂ ਦੀਆਂ ਇੰਟਰਨੈੱਟ ’ਤੇ ਪਈਆਂ ਫੋਟੋਆਂ ਤੋਂ ਪਛਾਣ ਹੋਣ ਬਾਅਦ ਹੀ ਫਰਾਹ ਨੂੰ ਅਮਰੀਕਾ ਸਥਿਤ ਆਪਣੇ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ।
ਫਰਾਹ ਨੇ ਹਾਲੇ ਟਰੈਕ ਨੂੰ ਅਲਵਿਦਾ ਕਹਿਣ ਦਾ ਮਨ ਨਹੀਂ ਬਣਾਇਆ। ਰੀਓ ਓਲੰਪਿਕ ਤੋਂ ਬਾਅਦ ਉਹ ਜ਼ਰਾ ਵੀ ਅਵੇਸਲਾ ਨਹੀਂ ਹੋਇਆ ਅਤੇ ਪ੍ਰੈਕਟਿਸ ਪਹਿਲਾਂ ਦੀ ਤਰ੍ਹਾਂ ਨਿਰਵਿਘਨ ਜਾਰੀ ਹੈ।
ਉਸ ਨੇ ਸਿੱਧ ਕਰ ਦਿੱਤਾ ਹੈ ਕਿ ਜਿੱਤਾਂ ਉਮਰ ਨਾਲ ਨਹੀਂ, ਸਗੋਂ ਦ੍ਰਿੜ੍ਹ ਇਰਾਦੇ ਨਾਲ ਹਾਸਲ ਕੀਤੀਆਂ ਜਾਂਦੀਆਂ ਹਨ। ਉਸ ਦੀ ਅੱਖ ਹੁਣ ਸਾਲ-2017 ਵਿੱਚ ਹੋਣ ਵਾਲੀ ਵਿਸ਼ਵ ਅਥਲੈਟਿਕਸ ਮੀਟ ’ਤੇ ਹੈ।
ਸੰਸਾਰ-ਵਿਆਪੀ ਇਸ ਟੂਰਨਾਮੈਂਟ ਦੇ ਪਹਿਲਾਂ ਖੇਡੇ ਗਏ ਤਿੰਨ ਮੁਕਾਬਲਿਆਂ ਵਿੱਚ ਪੰਜ ਤੇ ਦਸ ਹਜ਼ਾਰ ਮੀਟਰ ਲੰਮੀਆਂ ਦੌੜਾਂ ਦੇ ਛੇ ਫਾਈਨਲ ਖੇਡਣ ਵਾਲੇ ਫਰਾਹ ਨੇ ਪੰਜ ਸੋਨੇ ਤੇ ਇਕ ਚਾਂਦੀ ਦਾ ਤਗ਼ਮਾ ਜਿੱਤਣ ਦਾ ਕ੍ਰਿਸ਼ਮਾ ਕੀਤਾ ਹੋਇਆ ਹੈ।
ਉਸ ਦਾ ਮੰਨਣਾ ਹੈ ਕਿ ਜਦੋਂ ਝੋਲੀ ’ਚ ਗੋਲਡ ਮੈਡਲ ਪੈਂਦੇ ਹੋਣ ਤਾਂ ਦੌੜਨ ਤੋਂ ਤੌਬਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰੀਓ ਤੋਂ ਵਤਨ ਪਰਤਣ ’ਤੇ ਫਰਾਹ ਨੇ ਮੀਡੀਆ ਨੂੰ ਕਿਹਾ ਕਿ ਅਗਲੇ ਸਾਲ ਹੋਣ ਵਾਲੇ ਵਿਸ਼ਵ-ਵਿਆਪੀ ਅਥਲੈਟਿਕਸ ਮੁਕਾਬਲੇ ਦੀ ਕਾਰਗੁਜ਼ਾਰੀ ’ਤੇ ਮੁਨੱਸਰ ਕਰੇਗਾ ਕਿ ਟੋਕਿਓ ਓਲੰਪਿਕ ਦੀ ਤਿਆਰੀ ਕਰਨੀ ਹੈ ਜਾਂ ਨਹੀਂ।
Leave a Comment