ਸੁਖਬੀਰ ਸਿੰਘ ਬਾਦਲ ਨੇ ਕਰਾਰਾ ਜਵਾਬ ਦਿੱਤਾ : ਪਾਕਿਸਤਾਨ ਨੂੰ
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਉਸ ਦੀ ਭਾਸ਼ਾ ਵਿੱਚ ਮੂੰਹ ਤੋੜਵਾਂ ਜਵਾਬ ਦਿੱਤਾ ਹੈ, ਜੋ ਕਿ ਦਲੇਰੀ ਵਾਲਾ ਫ਼ੈਸਲਾ ਹੈ। ਭਾਰਤੀ ਫ਼ੌਜ ਵੱਲੋਂ ਕੀਤੇ ਗਏ ਅਪਰੇਸ਼ਨ ਤੋਂ ਬਾਅਦ ਸਭ ਨੂੰ ਸਪਸ਼ਟ ਸੰਕੇਤ ਹੋ ਗਿਆ ਹੈ ਕਿ ਭਾਰਤ ਨਾਲ ਜਿਹੜਾ ਦੇਸ਼ ਜਿਸ ਤਰ੍ਹਾਂ ਦਾ ਵਿਵਹਾਰ ਕਰੇਗਾ, ਉਸ ਨੂੰ ਉਸੇ ਤਰ੍ਹਾਂ ਦਾ ਹੀ ਜਵਾਬ ਦਿੱਤਾ ਜਾਵੇਗਾ।
ਉਹ ਇੱਥੇ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਨਾਲ ਸਨਮਾਨਿਤ ਕੀਤੇ ਜਾਣ ’ਤੇ ਮਸੀਹ ਭਾਈਚਾਰੇ ਨੂੰ ਵਧਾਈ ਦੇਣ ਲਈ ਰੱਖੇ ਸੂਬਾ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਏ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਪਾਕਿਸਤਾਨ ਵਿੱਚ ਅਤਿਵਾਦੀਆਂ ਖ਼ਿਲਾਫ਼ ਕੀਤੀ ਫ਼ੌਜੀ ਕਾਰਵਾਈ ਨੂੰ ਸਹੀ ਦੱਸਿਆ ਅਤੇ ਆਖਿਆ ਕਿ ਭਾਰਤ ਨੇ ਇਸ ਕਾਰਵਾਈ ਨਾਲ ਅਤਿਵਾਦੀਆਂ ਨੂੰ ਵੀ ਸਖ਼ਤ ਜਵਾਬ ਦਿੱਤਾ ਹੈ। ਪਿੰਡਾਂ ਨੂੰ ਖਾਲੀ ਕਰਨ ਦੇ ਆਦੇਸ਼ ਬਾਰੇ ਉਨ੍ਹਾਂ ਆਖਿਆ ਕਿ ਲੋਕਾਂ ਨੂੰ ਖ਼ਤਰੇ ਤੋਂ ਸੁਚੇਤ ਕੀਤਾ ਜਾਵੇ।
ਅੰਮ੍ਰਿਤਸਰ ਤੋਂ ਰਾਜਾਸਾਂਸੀ ਹਵਾਈ ਅੱਡੇ ਦੀ ਸੜਕ ਦਾ ਨਾਂ ਮਦਰ ਟੈਰੇਸਾ ਦੇ ਨਾਂ ਦਿੱਤਾ
ਉਨ੍ਹਾਂ ਐਲਾਨ ਕੀਤਾ ਕਿ ਅੰਮ੍ਰਿਤਸਰ ਤੋਂ ਰਾਜਾਸਾਂਸੀ ਹਵਾਈ ਅੱਡੇ ਦੀ ਸੜਕ ਦਾ ਨਾਂ ਮਦਰ ਟੈਰੇਸਾ ਦੇ ਨਾਂ ’ਤੇ ਰੱਖਿਆ ਜਾਵੇਗਾ। ਹਾਲਾ ਕਿ ਇਸੇ ਸਬੰਧ ਵਿੱਚ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਕਰਾਇਆ ਗਿਆ ਸੀ। ਉਨ੍ਹਾਂ ਆਖਿਆ ਕਿ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਦਿੱਤੀ ਗਈ ਹੈ, ਜਿਸ ਨੂੰ ਲੈਣ ਵਾਸਤੇ ਕੇਂਦਰ ਸਰਕਾਰ ਵੱਲੋਂ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੈਟੀਕਨ ਸਿਟੀ ਭੇਜਿਆ ਗਿਆ ਸੀ।
ਇਸ ਮੌਕੇ ਉਨ੍ਹਾਂ ਹਵਾਈ ਅੱਡਾ ਰੋਡ ’ਤੇ ਸਥਾਪਤ ਕੀਤੇ ਮਦਰ ਟੈਰੇਸਾ ਦੇ ਬੁੱਤ ਤੋਂ ਪਰਦਾ ਵੀ ਹਟਾਇਆ। ਇਸ ਮੌਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਰਹੱਦ ’ਤੇ ਬਣੇ ਤਣਾਅ ਸਬੰਧੀ ਕਿਹਾ ਕਿ ਪੰਜਾਬੀ ਹਮੇਸ਼ਾ ਹਰ ਔਖੇ ਸਮੇਂ ਦੇ ਟਾਕਰੇ ਲਈ ਤਿਆਰ ਰਹੇ ਹਨ। ਅੱਜ ਦੇ ਹਾਲਾਤ ਵਿੱਚ ਵੀ ਉਹ ਹਰ ਚੁਣੌਤੀ ਨੂੰ ਟੱਕਰ ਦਿਨ ਲਾਈ ਤਿਆਰ ਹਨ। ਉਨ੍ਹਾਂ ਇਸ ਸਬੰਧ ਵਿੱਚ ਸਰਹੱਦੀ ਪਿੰਡਾਂ ਦਾ ਦੌਰਾ ਵੀ ਕੀਤਾ।
ਰਾਜ ਪੱਧਰੀ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਦੋਵਾਂ ਨੇ ਕਿਹਾ ਕਿ ਮਦਰ ਟੈਰੇਸਾ ਦੀ ਮਨੁੱਖਤਾ ਨੂੰ ਦੇਣ ਵਿਸ਼ਵਵਿਆਪੀ ਹੈ। ਉਨ੍ਹਾਂ ਕਿਹਾ ਕਿ ਮਦਰ ਟੈਰੇਸਾ ਨੂੰ ਵੈਟੀਕਨ ਸਿਟੀ ਵਿਖੇ ਪੋਪ ਫਰੈਸਿਸ ਵੱਲੋਂ ਸੰਤ ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਸਮੁੱਚੇ ਭਾਰਤ ਵਾਸੀਆਂ ਲਈ ਫਖ਼ਰ ਵਾਲਾ ਦਿਨ ਸੀ।
ਇਸ ਮੌਕੇ ਉਨ੍ਹਾਂ ਭਗਤ ਪੂਰਨ ਸਿੰਘ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਸੀਹੀ ਭਾਈਚਾਰੇ ਦੀ ਭਲਾਈ ਲਈ ਵਚਨਬੱਧ ਹੈ। ਪੰਜਾਬ ਰਾਜ ਮੈਨੋਰਟੀ ਕਮਿਸ਼ਨ ਤੇ ਕ੍ਰਿਰਸ਼ਚਿਅਨ ਵੈੱਲਫੇਅਰ ਬੋਰਡ ਆਦਿ ਦਾ ਗਠਨ ਮਸੀਹੀ ਭਾਈਚਾਰੇ ਦੇ ਭਲੇ ਲਈ ਕੀਤੇ ਗਏ ਹਨ।
ਇਸ ਮੌਕੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਡਾ. ਦਲਜੀਤ ਸਿੰਘ ਚੀਮਾ, ਡਾਇਓਸਿਸ ਆਫ ਪੰਜਾਬ ਦੇ ਬਿਸ਼ਪ ਫਰੈਂਕੋ ਮੁਲੱਕਲ, ਬਿਸ਼ਪ ਯੂਨਸ ਮਸੀਹ, ਫਾਦਰ ਪੀਟਰ, ਸੇਵਾ ਸਿੰਘ ਸੇਖਵਾਂ, ਫਾਦਰ ਥੌਮਸ, ਫਾਦਰ ਜ਼ੇਵੀਅਰ, ਫਾਦਰ ਵਿਲਸਨ ਪੀਟਰ, ਫਾਦਰ ਪਾਲ, ਫਾਦਰ ਜੌਹਨ ਗਰੇਵਾਲ ਤੇ ਫਾਦਰ ਮੈਥੀਊ ਆਦਿ ਹਾਜ਼ਰ ਸਨ।
Leave a Comment