ਅਕਾਲੀ ਦਲ ਦੀ ਫਿਕਰਮੰਦੀ ਇਸ ਗੱਲ਼ ਨੇ ਵਧਾਈ ਹੈ
ਚੰਡੀਗੜ੍ਹ: ਤਾਜ਼ਾ ਸਰਵੇਖਣ ਨੇ ਸ਼੍ਰੋਮਣੀ ਅਕਾਲੀ ਦਲ ਦੇ ਹੋਸ਼ ਉਡਾ ਦਿੱਤੇ ਹਨ। ਅਕਾਲੀ ਦਲ ਵੱਲੋਂ ਹੀ ਕਰਵਾਏ ਸਰਵੇਖਣ ਵਿੱਚ ਆਇਆ ਹੈ ਕਿ ਪਿਛਲੇ ਨੌਂ ਸਾਲਾਂ ਤੋਂ ਸੱਤਾ ‘ਤੇ ਬਿਰਾਜਮਾਨ ਸਰਕਾਰ ਤੋਂ ਜਨਤਾ ਅੱਕ ਚੁੱਕੀ ਹੈ। ਅਕਾਲੀ ਦਲ ਦੀ ਫਿਕਰਮੰਦੀ ਇਸ ਗੱਲ਼ ਨੇ ਵਧਾਈ ਹੈ ਕਿ ਇਹ ਅੱਕੀ ਜਨਤਾ ਆਮ ਆਦਮੀ ਪਾਰਟੀ ਵੱਲ ਝੁਕਾਅ ਰੱਖ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਜ਼ਮੀਨੀ ਹਕੀਕਤਾਂ ਜਾਣਨ ਲਈ 117 ਹਲਕਿਆਂ ਵਿੱਚ ਸਰਵੇਖਣ ਕਰਵਾਇਆ ਹੈ। ਸਰਵੇਖਣ ਵਿੱਚ ਆਇਆ ਕਿ ਲੋਕ ਭ੍ਰਿਸ਼ਟਾਚਾਰ ਤੋਂ ਬੇਹੱਦ ਤੰਗ ਹਨ। ਪੰਜਾਬ ਦੀ ਜਨਤਾ ਸੋਚਦੀ ਹੈ ਕਿ ਪਿਛਲੇ ਨੌਂ ਸਾਲਾਂ ਵਿੱਚ ਕੋਈ ਵਿਕਾਸ ਕਾਰਜ ਵੀ ਨਹੀਂ ਹੋਇਆ। ਜਨਤਾ ਨੇ ਸੜਕਾਂ ਦੀ ਮਾੜੀ ਹਾਲਤ, ਸ਼ਹਿਰਾਂ ’ਚ ਟਰਾਂਸਪੋਰਟ ਦਾ ਢੁਕਵਾਂ ਪ੍ਰਬੰਧ ਨਾ ਹੋਣ, ਪੀਣ ਵਾਲਾ ਸਾਫ਼ ਪਾਣੀ ਨਾ ਮਿਲਣ, ਰੇਤ ਬਜਰੀ ਦੀ ਕਿੱਲਤ ਜਾਂ ਮਹਿੰਗੇ ਭਾਅ ’ਤੇ ਮਿਲਣ ਤੇ ਨਸ਼ਿਆਂ ਦਾ ਬੋਲਬਾਲਾ ਹੋਣ ਦੀ ਗੱਲ ਵੀ ਕਹੀ ਹੈ।
ਇਸ ਸਰਵੇਖਣ ਨੇ ਅਕਾਲੀ ਦਲ ਦੇ ਹੋਸ਼ ਉਡਾ ਦਿੱਤੇ ਹਨ। ਇਸ ਤੋਂ ਬਾਅਦ ਸੁਖਬੀਰ ਬਾਦਲ ਨੇ ਅਕਾਲੀ-ਭਾਜਪਾ ਵਿਧਾਇਕਾਂ ਨਾਲ ਮੀਟਿੰਗਾਂ ਵੀ ਕੀਤੀਆਂ। ਉਨ੍ਹਾਂ ਨੇ ਵਿਧਾਇਕਾਂ ਨੂੰ ਹੁਣ ਤੋਂ ਹੀ ਪਲੈਨਿੰਗ ਕਰਨ ਦੀ ਸਲਾਹ ਦਿੱਤੀ ਹੈ। ਵਿਧਾਇਕਾਂ ਨਾਲ ਮੀਟਿੰਗ ਸਮੇਂ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ ਅਤੇ ਵਿਨੀਤ ਜੋਸ਼ੀ ਵੀ ਮੌਜੂਦ ਰਹੇ।
ਮੀਡੀਆ ਰਿਪੋਰਟਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਸਰਵੇਖਣ 10 ਤੋਂ 30 ਮਾਰਚ ਤੱਕ ਕਰਵਾਇਆ ਗਿਆ। ਇਸ ਦੌਰਾਨ ਹਰੇਕ ਹਲਕੇ ਦੇ 25 ਘਰਾਂ ਤੱਕ ਵੱਖ-ਵੱਖ ਟੀਮਾਂ ਵੱਲੋਂ ਪਹੁੰਚ ਕੀਤੀ ਗਈ। ਟੀਮਾਂ ਵੱਲੋਂ ਸਬੰਧਤ ਹਲਕੇ ਦੇ ਵਿਧਾਇਕ ਤੇ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਸਵਾਲ ਪੁੱਛੇ ਗਏ। ਹਾਕਮ ਪਾਰਟੀ ਤੇ ਸਰਕਾਰ ਵੱਲੋਂ 25 ਘਰਾਂ ਤੱਕ ਸਰਵੇਖਣ ਟੀਮਾਂ ਵੱਲੋਂ ਪਹੁੰਚ ਕਰਨ ਦੀ ਪੁਸ਼ਟੀ ਆਪਣੇ ਤੌਰ ’ਤੇ ਵੀ ਕੀਤੀ ਗਈ ਤਾਂ ਜੋ ਸਰਵੇਖਣ ਦੀ ਪ੍ਰਮਾਣਿਕਤਾ ਸ਼ੱਕੀ ਨਾ ਰਹੇ।ਸਰਵੇਖਣ ਕਰਨ ਵਾਲੀ ਏਜੰਸੀ ਵੱਲੋਂ ਹਰੇਕ ਵਿਧਾਨ ਸਭਾ ਹਲਕੇ ਦੀ ਰਿਪੋਰਟ ਤਿਆਰ ਕੀਤੀ ਗਈ ਹੈ।
ਸੂਤਰਾਂ ਮੁਤਾਬਕ ਸਰਵੇਖਣ ਟੀਮਾਂ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੀ ਜਨਤਾ ਦਾ ਰੁਖ਼ ‘ਆਪ’ ਵੱਲ ਹੋ ਰਿਹਾ ਹੈ। ਕਈ ਵਿਧਾਨ ਸਭਾ ਹਲਕਿਆਂ ਵਿੱਚ ‘ਆਪ’ ਦਾ ਪ੍ਰਭਾਵ 90 ਫੀਸਦੀ ਤੱਕ ਹੈ।
Leave a Comment