ਆਟਾ ਦਾਲ ਸਕੀਮ :ਪੰਜਾਬ ਦੇ ਹਰ ਤੀਜੇ ਵਿਅਕਤੀ ਕੋਲ ‘ਨੀਲਾ ਕਾਰਡ’
ਪੰਜਾਬ ਵਿੱਚ ਔਸਤਨ ਹਰ ਤੀਜਾ ਵਿਅਕਤੀ ਸਰਕਾਰੀ ‘ਆਟਾ ਦਾਲ’ ਲੈ ਰਿਹਾ ਹੈ। ਹਾਲਾਂਕਿ ਸਰਕਾਰੀ ਆਟਾ ਦਾਲ ਸਕੀਮ ਲਈ ਸਖ਼ਤ ਨਿਯਮ ਹਨ। ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਵਿੱਚ 5.30 ਲੱਖ ਨਵੇਂ ਨੀਲੇ ਕਾਰਡ ਬਣਾਏ ਗਏ ਹਨ, ਜਿਨ੍ਹਾਂ ਵਿੱਚ 19.61 ਲੱੱਖ ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ।
ਨਵੇਂ ਬਣਾਏ ਨੀਲੇ ਕਾਰਡਾਂ ਮਗਰੋਂ ਪੰਜਾਬ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਗਿਣਤੀ ਤਕਰੀਬਨ 1.27 ਕਰੋੜ ਹੋ ਗਈ ਹੈ ਜਦੋਂ ਕਿ ਸੂਬੇ ਦੀ ਆਬਾਦੀ 2.96 ਕਰੋੜ ਹੈ। ਮੋਟਾ ਹਿਸਾਬ ਲਾਈਏ ਤਾਂ ਆਬਾਦੀ ਦੇ ਲਿਹਾਜ਼ ਨਾਲ ਪੰਜਾਬ ’ਚ ਹਰ ਤੀਜੇ ਵਿਅਕਤੀ ਕੋਲ ‘ਨੀਲਾ ਕਾਰਡ’ ਹੈ।
ਖੁਰਾਕ ਤੇ ਸਪਲਾਈਜ਼ ਵਿਭਾਗ ਪੰਜਾਬ ਦੇ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਹੁਣ 33 ਲੱਖ ਨੀਲੇ ਕਾਰਡ ਹੋ ਗਏ ਹਨ, ਜਿਨ੍ਹਾਂ ’ਤੇ 1.27 ਕਰੋੜ ਲਾਭਪਾਤਰੀ ਦਰਜ ਹੈ| ਪੰਜਾਬ ਸਰਕਾਰ ਨੇ ਦੂਜੇ ਪੜਾਅ ਤਹਿਤ ਸੱਤ ਲੱਖ ਨਵੇਂ ਨੀਲੇ ਕਾਰਡ ਬਣਾਉਣ ਦਾ ਟੀਚਾ ਰੱਖਿਆ ਸੀ। ਹੁਣ ਜਦੋਂ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਤਾਂ ਪਿੰਡਾਂ ਵਿਚ ਥੋਕ ਨਵੇਂ ਨੀਲੇ ਕਾਰਡ ਬਣਾਏ ਗਏ ਸਨ।
ਦੂਸਰੇ ਪੜਾਅ ਤਹਿਤ 5.30 ਲੱਖ ਨਵੇਂ ਨੀਲੇ ਕਾਰਡ ਬਣੇ ਹਨ। ਇਸ ਸਕੀਮ ’ਚ ਛੋਟੇ ਤੇ ਮਾਡਰੇਟ ਕਿਸਾਨੀ ਵਾਲੇ ਪਰਿਵਾਰ ਵੀ ਸ਼ਾਮਲ ਕੀਤੇ ਗਏ ਹਨ। ਭੂਮੀਹੀਣ ਖੇਤੀ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੀ ਇਹ ਸਹੂਲਤਾ ਦਿੱਤੀਆ ਗਈਆ ਸਨ।
ਸਰਕਾਰੀ ਨਿਯਮਾਂ ਅਨੁਸਾਰ ਢਾਈ ਏਕੜ ਤਕ ਜੰਗਲੀ ਜਮੀਨ ਤੇ ਪੰਜ ਏਕੜ ਤਕ ਬੰਜ਼ਰ ਜ਼ਮੀਨ ਵਾਲਾ ਪਰਿਵਾਰ ਇਸ ਸਕੀਮ ਦਾ ਹੱਕਦਾਰ ਹੈ। ਸਾਲਾਨਾ ਪਰਿਵਾਰਕ ਆਮਦਨ 60 ਹਜ਼ਾਰ ਹੋਣ ਦੀ ਸ਼ਰਤ ਹੈ। ਆਮਦਨ, ਵੈਟ, ਸੇਵਾ ਕਰ, ਪ੍ਰੋਫੈਸ਼ਨਲ ਕਰਦਾਤਾ, ਏਸੀ ਤੇ ਚਾਰ ਪਹੀਆ ਵਾਹਨ ਵਾਲਾ, ਸਰਕਾਰੀ ਮੁਲਾਜ਼ਮ ਅਤੇ ਸਨਅਤ ਮਾਲਕ ਇਸ ਸਕੀਮ ਲਈ ਯੋਗ ਨਹੀਂ ਹਨ।
ਹੁਣ ਪੰਜਾਬ ਭਰ ਵਿੱਚ ਹਲਕੇ ਮੁਤਾਬਕ ਮੁਹਿੰਮ ਚਲਾਈ ਗਈ ਹੈ, ਜਿਸ ’ਚ ਹਲਕਾ ਇੰਚਾਰਜਾਂ ਅਤੇ ਹਾਕਮ ਧਿਰ ਦੇ ਵਿਧਾਇਕਾਂ ਨੇ ਨਵੇਂ ਨੀਲੇ ਕਾਰਡਾਂ ਦੇ ਫਾਰਮ ਵੱਡੀ ਗਿਣਤੀ ਵਿਚ ਭਰਵਾਏ ਹਨ।
ਸੂਤਰਾਂ ਮੁਤਾਬਕ ਕਰੋੜਪਤੀ ਪਰਿਵਾਰ ਵੀ ਵਗਦੀ ਗੰਗਾ ’ਚ ਹੱਥ ਧੋ ਗਏ ਸਨ। ਪਿੰਡਾਂ ਵਿੱਚ ਤਾਂ ਸਰਕਾਰੀ ਮੁਲਾਜ਼ਮਾਂ ਅਤੇ ਕੋਠੀਆਂ ਕਾਰਾਂ ਵਾਲੇ ਵੀ ਨੀਲੇ ਕਾਰਡ ਬਣਾਉਣ ਵਿੱਚ ਸਫ਼ਲ ਹੋ ਗਏ ਨੈ। ਬਠਿੰਡਾ ਜ਼ਿਲ੍ਹੇ ਵਿੱਚ ਤਕਰੀਬਨ 20 ਹਜ਼ਾਰ ਨਵੇਂ ਨੀਲੇ ਕਾਰਡ ਬਣਾਏ ਗਏ ਹਨ ਅਤੇ ਹੁਣ ਜ਼ਿਲ੍ਹੇ ਵਿੱਚ ਨੀਲੇ ਕਾਰਡਾਂ ਦੀ ਕੁੱਲ ਗਿਣਤੀ 2.12 ਲੱਖ ਹੋ ਗਈ ਹੈ।
ਇਨ੍ਹਾਂ ’ਤੇ 7.95 ਲੱਖ ਲਾਭਪਾਤਰੀਆਂ ਦੇ ਨਾਂ ਦਰਜ ਹਨ। ਬਠਿੰਡਾ ਜ਼ਿਲ੍ਹੇ ਦੀ ਕੁੱਲ ਆਬਾਦੀ ਇਸ ਵੇਲੇ 13.88 ਲੱਖ ਹੈ। ਜ਼ਿਲ੍ਹੇ ਵਿੱਚ ਔਸਤਨ ਹਰ ਦੂਜੇ ਵਿਅਕਤੀ ਕੋਲ ਨੀਲਾ ਕਾਰਡ ਹੈ।
ਮਾਨਸਾ ਜ਼ਿਲ੍ਹੇ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਗਿਣਤੀ 4.23 ਲੱਖ ਹੈ ਜਦੋਂ ਕਿ ਇਸ ਜ਼ਿਲ੍ਹੇ ਦੀ ਕੁੱਲ ਆਬਾਦੀ 7.68 ਲੱਖ ਹੈ। ਇਥੇ ਵੀ ਔਸਤਨ ਹਰ ਦੂਜਾ ਵਿਅਕਤੀ ਨੀਲਾ ਕਾਰਡਧਾਰਕ ਹੈ। ਪੰਜਾਬ ਵਿੱਚ ਸਭ ਤੋਂ ਜ਼ਿਆਦਾ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਗਿਣਤੀ ਲੁਧਿਆਣਾ ਜ਼ਿਲ੍ਹੇ ਵਿੱਚ ਹੈ ਜੋ 14.40 ਲੱਖ ਬਣਦੀ ਹੈ ਜਦੋਂ ਕਿ ਜ਼ਿਲ੍ਹੇ ਦੀ ਆਬਾਦੀ 34.87 ਲੱਖ ਹੈ। ਮੁੱਖ ਮੰਤਰੀ ਦੇ ਜ਼ਿਲ੍ਹਾ ਮੁਕਤਸਰ ਵਿੱਚ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਦੀ ਗਿਣਤੀ ਹੁਣ 5.63 ਲੱਖ ਹੋ ਗਈ ਹੈ ਅਤੇ ਇਸ ਜ਼ਿਲ੍ਹੇ ਦੀ ਕੁੱਲ ਆਬਾਦੀ 9.02 ਲੱਖ ਹੈ।
ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਟਾ ਦਾਲ ਸਕੀਮ ’ਚ ਹੁਣ ਵੱਡਾ ਫਰਾਡ ਹੋਇਆ ਹੈ ਅਤੇ ਹਾਕਮ ਧਿਰ ਨੇ ਆਪਣੇ ਚਹੇਤਿਆਂ ਦੇ ਨੀਲੇ ਕਾਰਡ ਬਣਾ ਦਿੱਤੇ ਹਨ ਜਦੋਂ ਕਿ ਲੋੜਵੰਦ ਹਾਲੇ ਵੀ ਇਸ ਸਕੀਮ ਦੇ ਘੇਰੇ ’ਚੋਂ ਬਾਹਰ ਹਨ। ਚੋਣਾਂ ਸਿਰ ’ਤੇ ਹੋਣ ਕਾਰਨ ਨੀਲੇ ਕਾਰਡ ਬਣਾਉਣ ਸਮੇਂ ਸਭ ਨਿਯਮ ਛਿੱਕੇ ਟੰਗ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦੀ ਪੜਤਾਲ ਹੋਣੀ ਚਾਹੀਦੀ ਹੈ। ਸਰਕਾਰੀ ਪੱਖ ਲੈਣ ਲਈ ਵਿਭਾਗ ਦੇ ਸਕੱਤਰ ਤੇ ਡਾਇਰੈਕਟਰ ਨੂੰ ਫੋਨ ਕੀਤੇ ਪਰ ਉਨ੍ਹਾਂ ਚੁੱਕਿਆ ਨਹੀਂ।
Leave a Comment