ਆਮ ਆਦਮੀ ਪਾਰਟੀ ਵਿੱਚ ਆਪਾਧਾਪੀ ਵਧ ਹੋਣ ਕਰਨ ਹਾਈਕਮਾਂਡ ਤੋਂ ਖ਼ਫ਼ਾ
ਆਮ ਆਦਮੀ ਪਾਰਟੀ (ਆਪ) ਵਿੱਚ ਹਫੜਾ ਵਧ ਰਿਹਾ ਹੈ। ਹਰੇਕ ਆਗੂ ਦੀ ਹਰੇਕ ਮੁੱਦੇ ’ਤੇ ਵੱਖਰੀ ਰਾਏ ਹੈ ਤੇ ਅਨੁਸ਼ਾਸਨ ਦੀ ਘਾਟ ਹੈ। ਇਸ ਕਾਰਨ ਹਾਈਕਮਾਂਡ ਪ੍ਰੇਸ਼ਾਨ ਹੈ।ਹਾਈਕਮਾਂਡ ਵੱਲੋਂ ਭਾਵੇਂ ਪੰਜਾਬ ਇਕਾਈ ਨੂੰ ਇਕ ਸੁਰ ਕਰਨ ਲਈ ਇੱਥੋਂ ਦੇ ਇੰਚਾਰਜ ਸੰਜੇ ਸਿੰਘ ਨਾਲ ਇੱਕ ਸਹਿ ਇੰਚਾਰਜ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੂੰ ਵੀ ਨਿਯੁਕਤ ਕੀਤਾ ਗਿਆ ਹੈ, ਇਸ ਦੇ ਬਾਵਜੂਦ ਲੀਡਰਾਂ ਦੀਆਂ ਸੁਰਾਂ ਵੱਖੋ-ਵੱਖ ਹਨ।
ਪਾਰਟੀ ’ਚੋਂ ਮੁਅੱਤਲ ਕੀਤੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਮੁੱਦੇ ’ਤੇ ਚੱਲੀ ਚਰਚਾ ਦੌਰਾਨ ਪਾਰਟੀ ਦੀ ਸਥਿਤੀ ਹਾਸੋਹੀਣੀ ਬਣੀ ਪਈ ਹੈ। ਇੱਕ ਪਾਸੇ ਡਾ. ਗਾਂਧੀ ਚੌਥਾ ਫਰੰਟ ਬਣਾਉਣ ਦੀਆਂ ਸਰਗਰਮੀਆਂ ਦੌਰਾਨ ‘ਆਪ’ ਦੇ ਸੁਪਰੀਮੋ ਨੂੰ ਕੋਸ ਰਹੇ ਹਨ ਅਤੇ ਦੂਜੇ ਪਾਸੇ ਪਾਰਟੀ ਦੇ ਸੀਨੀਅਰ ਆਗੂ ਤੇ ਦਾਖਾ ਤੋਂ ਉਮੀਦਵਾਰ ਵਕੀਲ ਐਚ. ਐਸ. ਫੂਲਕਾ ਨੇ ਡਾ. ਗਾਂਧੀ ਨੂੰ ਚੰਗਾ ਬੰਦਾ ਕਹਿ ਕੇ ਉਨ੍ਹਾਂ ਨਾਲ ਗੱਲ ਚਲਾਉਣ ਦੀ ਸਲਾਹ ਦੇ ਰਿਹਾ ਹੈ |
ਦੂਜੇ ਪਾਸੇ ਸਹਿ ਇੰਚਾਰਜ ਜਰਨੈਲ ਸਿੰਘ ਡਾ. ਗਾਂਧੀ ਦੀ ਨੁਕਤਾਚੀਨੀ ਕਰਦਿਆਂ ਕਹਿ ਰਹੇ ਹਨ ਕਿ ਡਾ. ਗਾਂਧੀ ਨੂੰ ਚੌਥਾ ਫਰੰਟ ਬਣਾਉਣ ਤੋਂ ਪਹਿਲਾ ਸੰਸਦ ਮੈਂਬਰ ਵਜੋਂ ਅਸਤੀਫ਼ਾ ਦੇਣ ਦੀ ਹਿੰਮਤ ਦਿਖਾਉਣੀ ਚਾਹੀਦੀ ਹੈ। ਜਦੋਂ ਜਰਨੈਲ ਸਿੰਘ ਨੂੰ ਪੁੱਛਿਆ ਕਿ ਸ੍ਰੀ ਫੂਲਕਾ ਤਾਂ ਡਾਕਟਰ ਗਾਂਧੀ ਨੂੰ ਚੰਗਾ ਬੰਦਾ ਕਹਿ ਰਹੇ ਹਨ ਤਾਂ ਉਨ੍ਹਾਂ ਵੀ ਸ਼ਨਦਾਰ ਜਵਾਬ ਦਿੱਤਾ ਕਿ ਉਹ (ਗਾਂਧੀ) ਨਿੱਜੀ ਤੌਰ ’ਤੇ ਤਾਂ ਚੰਗੇ ਬੰਦੇ ਹਨ।
ਇਸੇ ਤਰ੍ਹਾਂ ਪਾਰਟੀ ਦੇ ਬੁਲਾਰੇ ਸੁਖਪਾਲ ਖਹਿਰਾ ਨੇ ਜਦੋਂ ਇਸ ਮੁੱਦੇ ’ਤੇ ਸ੍ਰੀ ਸਿੱਧੂ ਅਤੇ ਆਵਾਜ਼-ਏ-ਪੰਜਾਬ ਨਾਲ ਗੱਲਬਾਤ ਚਲਾਉਣ ਦਾ ਬਿਆਨ ਦਿੱਤਾ ਤਾਂ ਉਸੇ ਦਿਨ ਹੀ ਸੰਸਦ ਮੈਂਬਰ ਤੇ ਪ੍ਰਚਾਰ ਕਮੇਟੀ ਦੇ ਮੁਖੀ ਭਗਵੰਤ ਮਾਨ ਨੇ ਸ੍ਰੀ ਖਹਿਰਾ ਦੇ ਬਿਆਨ ਦੇ ਉਲਟ ਕਿਹਾ ਕਿ ਪਾਰਟੀ ਅਸੂਲੀ ਤੌਰ ’ਤੇ ਕੋਈ ਗੱਠਜੋੜ ਨਹੀਂ ਕਰ ਸਕਦੀ ਅਤੇ ਨਾ ਹੀ ਇੱਕ ਪਰਿਵਾਰ ’ਚੋਂ ਦੋ ਵਿਅਕਤੀਆਂ ਨੂੰ ਟਿਕਟਾਂ ਦੇ ਸਕਦੀ ਹੈ।
ਇਸੇ ਦੌਰਾਨ ਸ੍ਰੀ ਫੂਲਕਾ ਨੇ ਬਿਆਨ ਦਾਗਦਿਆਂ ਕਿਹਾ ਕਿ ਸ੍ਰੀ ਸਿੱਧੂ ਅਤੇ ਉਨ੍ਹਾਂ ਦੀ ਧਿਰ ਨਾਲ ਪਾਰਟੀ ਨੂੰ ਜ਼ਰੂਰ ਗੱਲ ਚਲਾਉਣੀ ਚਾਹੀਦੀ ਹੈ।
ਇਸੇ ਤਰ੍ਹਾਂ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਵੀ ਇਸ ਧਿਰ ਨਾਲ ਗੱਲਬਾਤ ਕਰਨ ਦੀ ਹਾਮੀ ਭਰਦਿਆਂ ਕਿਹਾ ਕਿ ਜੇ ਆਵਾਜ਼-ਏ-ਪੰਜਾਬ ਦੀ ਲੀਡਰਸ਼ਿਪ ਚਾਹੇ ਤਾਂ ਉਹ ਉਨ੍ਹਾਂ ਨੂੰ ਖੁਦ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਕੋਲ ਸਾਂਝਾਂ ਪਾਉਣ ਲਈ ਲੈ ਕੇ ਜਾਣਗੇ।
ਜਰਨੈਲ ਸਿੰਘ ਨੇ ਇਸ ਸਾਰੀ ਬਿਆਨਬਾਜ਼ੀ ਨੂੰ ਕਾਟ ਕਰਦਿਆਂ ਕਿਹਾ ਕਿ ਹੁਣ ਕਿਸੇ ਵੀ ਚੌਥੇ ਫਰੰਟ ਦਾ ਕੋਈ ਵਜੂਦ ਨਹੀਂ ਹੈ ਅਤੇ ਲੋਕਾਂ ਨੇ ‘ਆਪ’ ਨੂੰ ਇਕ ਬਦਲ ਵਜੋਂ ਆਪਣੇ ਮਨ ਵਿਚ ਵਸਾ ਲਿਆ ਹੈ। ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿੱਚੋਂ ਕੱਢਣ ਦਾ ਸਬੱਬ ਭਾਵੇਂ ਉਨ੍ਹਾਂ ਵਲੋਂ ਪੈਸੇ ਲੈਣ ਦਾ ਸਟਿੰਗ ਬਣਿਆ ਹੈ ਪਰ ਮੁੱਖ ਕਾਰਨ ਉਨ੍ਹਾਂ ਵਲੋਂ ਵੀ ਹਾਈਕਮਾਂਡ ਦੇ ਫ਼ੈਸਲਿਆਂ ਵਿਰੁੱਧ ਬਿਆਨਬਾਜ਼ੀ ਕਰਨੀ ਹੈ।
ਇਸੇ ਤਰ੍ਹਾਂ ਜਦੋਂ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦਿੱਲੀ ਵਿੱਚ ਸ੍ਰੀ ਛੋਟੇਪੁਰ ਕੋਲੋਂ ਕਨਵੀਨਰ ਦਾ ਅਹੁਦਾ ਖੋਹਣ ਦਾ ਫ਼ੈਸਲਾ ਲੈ ਰਹੀ ਸੀ ਤਾਂ ਉਸ ਵੇਲੇ ਤਿੰਨ ਸੀਨੀਅਰ ਆਗੂ ਇਸ ਆਗੂ ਨੂੰ ਮਨਾਉਣ ਵਿਚ ਜੁਟੇ ਹੋਏ ਸਨ।
ਇਸ ਦੌਰਾਨ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਆਗੂਆਂ ਵਲੋਂ ਵੱਖ-ਵੱਖ ਮੁੱਦਿਆਂ ’ਤੇ ਵੱਖ-ਵੱਖ ਤਰ੍ਹਾਂ ਦੇ ਬਿਆਨ ਦੇਣ ਨਾਲ ਪਾਰਟੀ ਦੀ ਸਥਿਤੀ ਖ਼ਰਾਬ ਹੋ ਰਹੀ ਹੈ ਅਤੇ ਇਹ ਸਭ ਕੁਝ ਹਾਈਕਮਾਂਡ ਦੇ ਨੋਟਿਸ ਵਿੱਚ ਹੈ। ਉਹ ਜਲਦੀ ਹੀ ਸਾਰੇ ਆਗੂਆਂ ਨਾਲ ਗੱਲ ਕਰਕੇ ਹਰੇਕ ਮੁੱਦੇ ’ਤੇ ਸਾਂਝੀ ਰਾਏ ਬਣਾਉਣ ਦੀਆਂ ਹਦਾਇਤਾਂ ਦੇਣਗੇ।
‘ਆਪ’ ਵੱਲੋਂ 9 ਉਪ ਪ੍ਰਧਾਨ ਤੇ 5 ਸੰਯੁਕਤ ਸਕੱਤਰ ਨਿਯੁਕਤ
ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਵੜੈਚ ਨੇ ਦੱਸਿਆ ਕਿ ਕਰਨਲ ਸੀਡੀ ਸਿੰਘ ਕੰਬੋਜ, ਡਾ. ਬਲਵੀਰ ਸਿੰਘ ਸੈਣੀ, ਪ੍ਰਿੰਸੀਪਲ ਬਲਦੇਵ ਸਿੰਘ ਅਜਾਦ, ਬੂਟਾ ਸਿੰਘ ਅਸ਼ਾਂਤ, ਕਰਨਲ ਸੀ ਐਮ ਲਖਨਪਾਲ, ਡਾ. ਇੰਦਰਬੀਰ ਸਿੰਘ ਨਿੱਝਰ, ਮੋਹਨ ਸਿੰਘ ਫਲੀਆਂਵਾਲਾ, ਮੇਹਰ ਸਿੰਘ ਮੱਲ੍ਹੀ ਤੇ ਦਲਵੀਰ ਸਿੰਘ ਢਿਲੋਂ ਨੂੰ ਉਪ ਪ੍ਰਧਾਨ ਨਿਯੁਕਤ ਕੀਤਾ ਹੈ।
ਇਸੇ ਤਰ੍ਹਾਂ ਮੇਜਰ ਸਿੰਘ, ਵਰਿੰਦਰ ਖਾਰਾ, ਹਰਿੰਦਰ ਸਿੰਘ, ਕੁਮਾਰੀ ਲਲਿਤ ਤੇ ਡਾ. ਸਾਰਿਕਾ ਵਰਮਾ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਹੈ। ਜੈ ਦੀਪ ਸਿੰਘ ਸਮਰਾਲਾ ਨੂੰ ਵਲੰਟੀਅਰ ਵੈਲਫੇਅਰ ਅਤੇ ਮੈਨੇਜਮੈਂਟ ਵਿੰਗ ਦਾ ਮੁਖੀ ਨਿਯੁਕਤ ਕੀਤਾ ਹੈ।
Leave a Comment