ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੱਤਾ ਵਿੱਚ ਆਉਣ ਲਈ ਦਿਨ ਵੇਲੇ ਸੁਪਨੇ ਦੇਖੇ ਜਾ ਰਹੇ ਹਨ। ਇਹ ਸੁਪਨੇ ਕੈਪਟਨ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਵੀ ਲਏ ਸਨ ਪਰ ਉਦੋਂ ਪੰਜਾਬ ਦੇ ਲੋਕਾਂ ਨੇ ਕੈਪਟਨ ਨੂੰ ਨਕਾਰ ਕੇ ਅਕਾਲੀ-ਭਾਜਪਾ ਗੱਠਜੋੜ ਦੇ ਹੱਕ ਵਿੱਚ ਫਤਵਾ ਦਿੱਤਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਨੇ ਆਪਣੇ ਪਿਛਲੇ ਤਜਰਬੇ ਤੋਂ ਵੀ ਕੁਝ ਨਹੀਂ ਸਿੱਖਿਆ ਅਤੇ ਮੁੜ ਉਹੀ ਸਿਆਸਤ ਕਰਨ ਲੱਗ ਪਏ ਹੈ|
ਬਾਦਲ ਨੇ ਹਲਕਾ ਅਮਰਗੜ੍ਹ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਦੇ ਆਖਰੀ ਦਿਨ ਨੇੜਲੇ ਪੈਂਦੇ ਪਿੰਡ ਕੰਗਣਵਾਲ ਵਿੱਚ ਬੋਲਦਿਆਂ ਕਿਹਾ ਕਿ ਇਸ ਵਾਰ ਵੀ ਕੈਪਟਨ ਦਾ ਹਸ਼ਰ 2012 ਵਾਲਾ ਹੀ ਹੋਵੇਗਾ ਅਤੇ ਉਨ੍ਹਾਂ ਦੀ ਦੂਜੀ ਵਾਰ ਮੁੱਖ ਮੰਤਰੀ ਬਣਨ ਦੀ ਲਾਲਸਾ ਕਦੇ ਪੂਰੀ ਨਹੀਂ ਹੋਵੇਗੀ।
ਮੁਖ ਮੰਤਰੀ ਨੇ ਆਮ ਆਦਮੀ ਪਾਰਟੀ ਨੂੰ ਕਾਮੇਡੀਅਨਾਂ ਦੀ ਪਾਰਟੀ ਦੱਸਦਿਆਂ ਆਖਿਆ ਕਿ ਇਹ ਕਾਮੇਡੀ ਰਾਹੀਂ ਲੋਕਾਂ ਦਾ ਮਨੋਰੰਜਨ ਤਾਂ ਕਰ ਸਕਦੇ ਹਨ ਪਰ ਚੰਗੇ ਸ਼ਾਸਕ ਕਦੇ ਵੀ ਸਿੱਧ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਉਹ ਹਰੇਕ ਕਲਾਕਾਰ ਦੀ ਕਲਾ ਦਾ ਸਨਮਾਨ ਕਰਦੇ ਹਨ ਪਰ ਸਿਆਸਤ ਤਜਰਬਾ ਤੇ ਲੋਕ ਸੇਵਾ ਦੇ ਜਜ਼ਬੇ ਦੀ ਮੰਗ ਕਰਦੀ ਹੈ, ਜਿਸ ਕਰਕੇ ਗੈਰ-ਤਜਰਬੇਕਾਰ ਲੋਕ ਸੂਬੇ ਦਾ ਭੱਠਾ ਬਿਠਾ ਦੇਣਗੇ। ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੀ ਸਰਾਹਨਾ ਕਰਦਿਆਂ ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਨੇ ਹਮੇਸ਼ਾ ਕਿਸਾਨਾਂ ਦੀ ਬਾਂਹ ਫੜੀ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੇ ਗਏ ਪ੍ਰਾਜੈਕਟਾਂ ਦਾ ਵੀ ਜ਼ਿਕਰ ਕੀਤਾ।
ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਜਿਸ ਪਾਰਟੀ ਦੇ ਨੇਤਾ ਨੈਤਿਕ ਕਦਰਾਂ-ਕੀਮਤਾਂ ਦੀਆਂ ਟਾਹਰਾਂ ਮਾਰ ਰਹੇ ਸਨ, ਉਹ ਹੁਣ ਆਪ ਹੀ ਅਨੈਤਿਕ ਕੰਮਾਂ ਵਿੱਚ ਲਿਪਤ ਹਨ। ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਵੱਲੋਂ ਆਪਣੇ ਵਿਰੋਧੀਆਂ ਖ਼ਿਲਾਫ਼ ਵਰਤੀ ਜਾਂਦੀ ਭਾਸ਼ਾ ਨੂੰ ਪੰਜਾਬ ਵਾਸੀਆਂ ਨੇ ਮੂਲੋ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਵਿਧਾਇਕ ਪ੍ਰੋ. ਵਿਰਸਾ ਸਿੰਘ ਵਲਟੋਹਾ ਬਾਰੇ ਕੈਪਟਨ ਵੱਲੋਂ ਕੀਤੀ ਗਈ ਬਿਆਨਬਾਜ਼ੀ ਮੰਦਭਾਗੀ ਤੇ ਨਿੰਦਣਯੋਗ ਹੈ।
Leave a Comment