ਗਾਂਧੀ ਜੈਅੰਤੀ ਮੌਕੇ ਭਾਰਤ ਨੇ ਸੰਯੁਕਤ ਰਾਸ਼ਟਰ ਵਿੱਚ ਦਸਤਾਵੇਜ਼ ਸੌਂਪੇ
ਆਲਮੀ ਪੱਧਰ ’ਤੇ ਸਭ ਤੋਂ ਵੱਧ ਕਾਰਬਨ ਨਿਕਾਸੀ ਕਰਨ ਵਾਲੇ ਤੀਜੇ ਮੁਲਕ ਭਾਰਤ ਨੇ ਅੱਜ ਇਤਿਹਾਸਕ ਪੈਰਿਸ ਜਲਵਾਯੂ ਸਮਝੌਤੇ ਦੀ ਤਾਈਦ ਕੀਤੀ ਹੈ, ਜਿਸ ਨਾਲ ਇਸ ਸਮਝੌਤੇ ਦੇ ਇਸ ਵਰ੍ਹੇ ਦੇ ਅੰਤ ਤਕ ਅਮਲ ਵਿੱਚ ਆਉਣ ਦੀ ਉਮੀਦ ਵਧ ਗਈ ਹੈ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਪ੍ਰਤੀਨਿਧ ਸੱਯਦ ਅਕਬਰੂਦੀਨ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਹਸਤਾਖ਼ਰਾਂ ਵਾਲਾ ਸਮਝੌਤੇ ਦਾ ਦਸਤਾਵੇਜ਼ ਇਥੇ ਇਕ ਵਿਸ਼ੇਸ਼ ਸਮਾਰੋਹ ਵਿੱਚ ਸੰਯੁਕਤ ਰਾਸ਼ਟਰ ਵਿੱਚ ਕਰਾਰ ਵਿਭਾਗ ਦੇ ਮੁਖੀ ਸੈਂਤਿਆਗੋ ਵਿਲਾਲਪਾਂਡੋ ਨੂੰ ਸੌਂਪਿਆ।
ਸ੍ਰੀ ਅਕਬਰੂਦੀਨ ਨੇ ਇਹ ਦਸਤਾਵੇਜ਼ ਮਹਾਤਮਾ ਗਾਂਧੀ ਦੀ 147ਵੀਂ ਜੈਅੰਤੀ ਮੌਕੇ ਕਰਾਏ ਗਏ ਇਕ ਸਮਾਗਮ ਵਿੱਚ ਸੌਂਪਿਆ, ਜਿਸ ਵਿੱਚ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀ ਅਤੇ ਸੀਨੀਅਰ ਡਿਪਲੋਮੈਟ ਮੌਜੂਦ ਸਨ।
ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ-ਮੂਨ ਨੇ ਭਾਰਤ ਦੀ ‘ਕਲਾਈਮੇਟ ਲੀਡਰਸ਼ਿਪ’ ਦੀ ਪ੍ਰਸੰਸਾ ਕਰਦਿਆਂ ਕਿਹਾ, ‘ਸਾਰੇ ਭਾਰਤੀਆਂ ਦਾ ਧੰਨਵਾਦ।’ ਉਨ੍ਹਾਂ ਕਿਹਾ ਕਿ ਭਾਰਤ ਦੇ ਪੈਰਿਸ ਜਲਵਾਯੂ ਤਬਦੀਲੀ ਸਮਝੌਤੇ ਦੀ ਤਾਈਦ ਕਰਨ ਵਾਲੇ ਕਦਮ ਨੇ ਇਸ ਇਤਿਹਾਸਕ ਸਮਝੌਤੇ ਨੂੰ ਇਸ ਸਾਲ ਲਾਗੂ ਕਰਨ ਦੇ ਟੀਚੇ ਦੀ ਦਿਸ਼ਾ ਵਿੱਚ ਵਿਸ਼ਵ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਗਾਂਧੀ ਜੈਅੰਤੀ ਨੂੰ ਹਰੇਕ ਸਾਲ ਕੌਮਾਂਤਰੀ ਅਹਿੰਸਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸ੍ਰੀ ਬਾਨ ਨੇ ਇਸ ਮੌਕੇ ਸੰਦੇਸ਼ ਜਾਰੀ ਕੀਤਾ ਕਿ ਲੋਕਾਂ ਤੇ ਇਸ ਗ੍ਰਹਿ ਲਈ ਮਹਾਤਮਾ ਗਾਂਧੀ ਤੇ ਉਨ੍ਹਾਂ ਦੀ ਵਿਰਾਸਤ ਨੂੰ ਸਿਜਦਾ ਕਰਨ ਦਾ ਇਸ ਤੋਂ ਬਿਹਤਰ ਤਰੀਕਾ ਨਹੀਂ ਹੋ ਸਕਦਾ।
ਭਾਰਤ ਨੇ ਪੈਰਿਸ ਜਲਵਾਯੂ ਸਮਝੌਤੇ ਨੂੰ ਤਸਦੀਕ ਕਰਨ ਦਾ ਦਸਤਾਵੇਜ਼ ਸੌਂਪ ਦਿੱਤਾ। ਉਨ੍ਹਾਂ ਸਾਰੇ ਮੁਲਕਾਂ ਨੂੰ ਅਪੀਲ ਕੀਤੀ ਕਿ ਉਹ ਸਮਝੌਤੇ ਦੀ ਤਾਈਦ ਕਰਨ ਲਈ ਆਪਣੀ ਘਰੇਲੂ ਪ੍ਰਕਿਰਿਆ ਪੂਰੀ ਕਰਨ ਅਤੇ ਅਹਿੰਸਾ ਰਾਹੀਂ ਵਿਕਾਸ ਹਾਸਲ ਕਰਨ ਵਾਸਤੇ ਯਤਨ ਕਰਨ।
ਭਾਰਤੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵਿਕਾਸ ਸਵਰੂਪ ਨੇ ਟਵੀਟ ਕੀਤਾ, ‘ਭਾਰਤ ਨੇ ਆਪਣਾ ਵਾਅਦਾ ਨਿਭਾਅ ਦਿੱਤਾ ਹੈ। ਗਾਂਧੀ ਜੀ ਦੇ ਜਨਮ ਦਿਹਾੜੇ ਮੌਕੇ ਅਸੀਂ ਜਲਵਾਯੂ ਤਬਦੀਲੀ ਬਾਰੇ ਪੈਰਿਸ ਸਮਝੌਤੇ ਦੀ ਤਾਈਦ ਕਰਨ ਵਾਲਾ ਦਸਤਾਵੇਜ਼ ਸੌਂਪ ਦਿੱਤਾ ਹੈ।’ ਦੱਸਣਯੋਗ ਹੈ ਕਿ ਕੌਮਾਂਤਰੀ ਪੱਧਰ ਉਤੇ ਚੀਨ ਤੇ ਅਮਰੀਕਾ ਬਾਅਦ ਕਾਰਬਨ ਦੀ ਨਿਕਾਸੀ ’ਚ ਭਾਰਤ ਦਾ ਤੀਜਾ ਨੰਬਰ ਹੈ।
ਪਿਛਲੇ ਮਹੀਨੇ ਅਮਰੀਕਾ ਤੇ ਚੀਨ ਨੇ ਰਸਮੀ ਤੌਰ ’ਤੇ ਪੈਰਿਸ ਸਮਝੌਤੇ ਲਈ ਹਾਮੀ ਭਰੀ ਸੀ, ਜਿਸ ਨੂੰ ਪੈਰਿਸ ਵਿੱਚ ਪਿਛਲੇ ਸਾਲ ਦਸੰਬਰ ਵਿੱਚ ਜਲਵਾਯੂ ਤਬੀਦੀਲੀ ਬਾਰੇ ਯੂਐਨ ਫਰੇਮਵਰਕ ਕਨਵੈਨਸ਼ਨ ਵਿੱਚ 195 ਧਿਰਾਂ ਨੇ ਅਪਣਾਇਆ ਸੀ। ਇਹ ਸਮਝੌਤਾ ਘੱਟ ਤੋਂ ਘੱਟ 55 ਮੁਲਕਾਂ ਵੱਲੋਂ ਤਸਦੀਕ ਕੀਤੇ ਜਾਣ ਬਾਅਦ ਲਾਗੂ ਹੋਵੇਗਾ।
Leave a Comment