ਪੰਜਾਬ ਵਿਧਾਨ ਸਭਾ ਵਿੱਚ ਅੱਜ ਸਿਫ਼ਰ ਕਾਲ ਦੌਰਾਨ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਵੱਲੋਂ ਅੰਮ੍ਰਿਤਸਰ ਦੇ ਇਕ ਤਹਿਸੀਲਦਾਰ ਕਥਿਤ ਤੌਰ ’ਤੇ ਇਕ ਫੌਜੀ ਦੀ ਪਤਨੀ ਦਾ ਸ਼ੋਸ਼ਣ ਕੀਤੇ ਜਾਣ ਦਾ ਮੁੱਦਾ ਉਠਾਉਣ ਵੇਲੇ ਖੂਬ ਹੰਗਾਮਾ ਹੋਇਆ। ਸ੍ਰੀ ਰਾਣਾ ਨੇ ਦੋਸ਼ ਲਾਇਆ ਕਿ ਇਹ ਤਹਿਸੀਲਦਾਰ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਖ਼ਾਸ ਬੰਦਾ ਹੋਣ ਕਾਰਨ ਉਸ ਵਿਰੁੱਧ ਕੋਈ ਵੀ ਕਾਰਵਾਈ ਨਹੀਂ ਹੋ ਰਹੀ ਤਾਂ ਸ੍ਰੀ ਮਜੀਠੀਆ ਭੜਕ ਉਠੇ।
ਉਨ੍ਹਾਂ ਸ੍ਰੀ ਰਾਣਾ ਉਪਰ ਸਿੱਧਾ ਵਾਰ ਕਰਦਿਆਂ ਕਿਹਾ ਕਿ ਉਹ (ਰਾਣਾ) ਆਪਣੇ ਨਿੱਜੀ ਕੰਮਾਂ ਲਈ ਪਰਿਵਾਰ ਸਮੇਤ ਮੁੱਖ ਮੰਤਰੀ ਕੋਲ ਆ ਜਾਂਦੇ ਹੈ ਅਤੇ ਹੁਣ ਡਰਾਮੇ ਕਰਦੇ ਹੈ | ਉਨ੍ਹਾਂ ਸ੍ਰੀ ਰਾਣਾ ਨੂੰ ਆਪਣੀ ਚਿੱਟੀ ਦਾਹੜੀ ਦਾ ਖਿਆਲ ਕਰਨ ਤੱਕ ਕਹਿ ਦਿੱਤਾ। ਉਹ ਗੁੱਸੇ ’ਚ ਹੋਰ ਵੀ ਕਈ ਕੁਝ ਬੋਲ ਗਏ। ਸ੍ਰੀ ਮਜੀਠੀਆ ਨੇ ਦੱਸਿਆ ਕਿ ਤਹਿਸੀਲਦਾਰ ਵਿਰੁੱਧ ਪਹਿਲਾਂ ਹੀ ਕੇਸ ਦਰਜ ਹੋ ਚੁੱਕਾ ਹਨ ।
ਸ੍ਰੀ ਰਾਣਾ ਨੇ ਸਦਨ ਨੂੰ ਦੱਸਿਆ ਕਿ ਅੰਮ੍ਰਿਤਸਰ ਦਾ ਇਕ ਫੌ਼ਜੀ ਇਸ ਵੇਲੇ ਜੰਮੂ-ਕਸ਼ਮੀਰ ’ਚ ਤਾਇਨਾਤ ਹੈ। ਇਸ ਫੌਜੀ ਦੀ ਪਤਨੀ ਇਕ ਤਹਿਸੀਲਦਾਰ ਕੋਲ ਆਪਣੇ ਜਾਇਦਾਦ ਦਾ ਕੰਮ ਕਰਵਾਉਣ ਗਈ ਸੀ। ਤਹਿਸੀਲਦਾਰ ਨੇ ਔਰਤ ਦਾ ਫੋਨ ਨੰਬਰ ਲੈ ਲਿਆ ਅਤੇ ਉਸ ਨੂੰ ਫੋਨ ਰਾਹੀਂ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਤਹਿਸੀਲਦਾਰ ਦੁਬਈ ਦੇ ਸਿਮ ਰਾਹੀਂ ਔਰਤ ਨੂੰ ਫੋਨ ਕਰਦਾ ਸੀ। ਇਸ ਦੌਰਾਨ ਫੌਜੀ ਛੁੱਟੀ ’ਤੇ ਆਇਆ ਸੀ ਅਤੇ ਮੁੜ ਤਹਿਸੀਲਦਾਰ ਦਾ ਫੋਨ ਆ ਗਿਆ ਅਤੇ ਬਾਅਦ ’ਚ ਤਹਿਸੀਲਦਾਰ ਮਹਿਲਾ ਦੇ ਘਰ ਚਲਾ ਗਿਆ।
ਉਥੇ ਫੌਜੀ ਨੇ ਕਾਬੂ ਕਰਕੇ ਉਸ ਦੀ ਵੀਡੀਓ ਬਣਾ ਲਈ ਸੀ। ਸ੍ਰੀ ਰਾਣਾ ਨੇ ਵਿਧਾਨ ਸਭਾ ਵਿੱਚ ਦੱਸਿਆ ਕਿ ਤਹਿਸੀਲਦਾਰ ਉਨ੍ਹਾਂ ਕੋਲੋਂ ਮੁਆਫੀ ਮੰਗ ਕੇ ਛੁਟਿਆ ਸੀ। ਮਹਿਲਾ ਨੇ ਇਸ ਦੀ ਸ਼ਿਕਾਇਤ ਅੰਮ੍ਰਿਤਸਰ ਦੇ ਪੁਲੀਸ ਅਧਿਕਾਰੀਆਂ ਨੂੰ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਮਾਮਲਾ ਭਖ਼ਦਾ ਦੇਖ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਦੀ ਪੜਤਾਲ 13 ਸਤੰਬਰ ਤਕ ਮੁਕੰਮਲ ਕਰਕੇ ਤਹਿਸੀਲਦਾਰ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਮਾਮਲਾ ਠੰਢਾ ਕੀਤਾ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਵਿਧਾਨ ਸਭਾ ’ਚ ਸ੍ਰੀ ਮਜੀਠੀਆ ਅਤੇ ਸ੍ਰੀ ਰਾਣਾ ਵਿਚਾਲੇ ਗਾਲੀ-ਗਲੋਚ ਹੋ ਗਿਆ ਸੀ|
Leave a Comment