ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ‘ਆਪ’ ਸਰਕਾਰ ਬਣਨ ’ਤੇ ਰੁਜ਼ਗਾਰ ਮੁਹੱਈਆ ਕਰਾਇਆ ਜਾਏਗਾ
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਥੇ ਅਗਰਵਾਲ ਵੈਸ਼ ਮਹਾਂਸੰਮੇਲਨ ’ਚ ਵਾਅਦਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਪਾਰਟੀ ਦੀ ਸਰਕਾਰ ਬਣਨ ’ਤੇ ਸੂਬੇ ਵਿੱਚੋਂ ‘ਛਾਪੇਮਾਰੀ ਰਾਜ’ ਦਾ ਅੰਤ ਕਰ ਦਿੱਤਾ ਜਾਵੇਗਾ। ਵਿਕਟੋਰੀਆ ਗਾਰਡਨ ਵਿੱਚ ਮਹਾਰਾਜਾ ਅਗਰਸੈਨ ਜੈਯੰਤੀ ਸਬੰਧੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਦਿੱਲੀ ਵਿੱਚ ‘ਆਪ’ ਦੀ ਸਰਕਾਰ ਆਉਣ ਤੋਂ ਬਾਅਦ ਵਪਾਰੀਆਂ ਅਤੇ ਕਾਰੋਬਾਰੀਆਂ ਉੱਤੇ ਛਾਪੇ ਮਾਰਨੇ ਬੰਦ ਕਰ ਦਿੱਤੇ ਗਏ ਹਨ।
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਛਾਪੇਮਾਰੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਥਾਂ ਪ੍ਰਮੋਸ਼ਨ ਦਿੰਦੀ ਹੈ ਅਤੇ ਇਸ ਨਾਲ ਸਰਕਾਰ ਨੂੰ ਵੀ ਟੈਕਸਾਂ ਦਾ ਘਾਟਾ ਪੈਂਦਾ ਹੈ। ਉਨ੍ਹਾਂ ਮੁਤਾਬਕ ਇੰਸਪੈਕਟਰ ਸਰਕਾਰੀ ਖਜ਼ਾਨੇ ਦੀ ਥਾਂ ਆਪਣੀਆਂ ਜੇਬਾਂ ਭਰਨ ਵੱਲ ਵੱਧ ਧਿਆਨ ਦਿੰਦੇ ਹਨ।
ਆਮਦਨ ਵਿਭਾਗ ’ਤੇ ਉਨ੍ਹਾਂ ਦੋਸ਼ ਲਾਇਆ ਕਿ ਉਹ ਕਾਰੋਬਾਰੀਆਂ ਅਤੇ ਵਪਾਰੀਆਂ ’ਤੇ ਛਾਪੇ ਮਾਰ ਕੇ ਉਨ੍ਹਾਂ ਨੂੰ ਤੰਗ ਕਰ ਰਿਹਾ ਹੈ। ‘ਜੇ ਉਨ੍ਹਾਂ ਛਾਪੇਮਾਰੀ ਕਰਨੀ ਹੀ ਹੈ ਤਾਂ ਮਾਲਿਆ ਦੇ ਅਦਾਰਿਆਂ ’ਤੇ ਕਰੇ।’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਧਨਾਢ ਘਰਾਣਿਆਂ ਨੂੰ ਦੇਸ਼ ਲੁੱਟਣ ਦੀ ਖੁੱਲ੍ਹ ਦਿੱਤੀ ਹੋਈ ਹੈ ਜਿਸ ਦਾ ਅੰਦਾਜ਼ਾ ਕੇਂਦਰ ਸਰਕਾਰ ਦੀ ਕਾਲੇ ਧਨ ਸਬੰਧੀ ਗੰਭੀਰਤਾ ਤੋਂ ਲਗਾਇਆ ਜਾ ਸਕਦਾ ਹੈ।
ਨਸ਼ੇ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਵਿੱਚੋਂ ਇਸ ਨੂੰ ਖ਼ਤਮ ਕਰਨ ਪਵੇਗਾ ਅਤੇ ਫਿਰ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਨੌਕਰੀਆਂ ਦੀ ਜ਼ਰੂਰਤ ਹੋਵੇਗੀ ਜਿਸ ਨੂੰ ਉਦਯੋਗ ਵਰਗ ਪੂਰਾ ਕਰੇਗਾ। ਇਸ ਨਾਲ ਨੌਜਵਾਨ ਦੁਬਾਰਾ ਨਸ਼ੇ ਦੀ ਦਲਦਲ ਵਿੱਚ ਨਹੀਂ ਫਸਣਗੇ।
ਉਨ੍ਹਾਂ ਕਿਹਾ ਕਿ ਕਿਸੇ ਸਮੇਂ ਭਾਜਪਾ ਨੂੰ ਵਪਾਰੀ ਵਰਗ ਦੀ ਪਾਰਟੀ ਕਿਹਾ ਜਾਂਦਾ ਸੀ ਪਰੰਤੂ ਆਮ ਆਦਮੀ ਪਾਰਟੀ ਦੀਆਂ ਵਪਾਰੀ ਪੱਖੀ ਨੀਤੀਆਂ ਕਾਰਨ ਹੁਣ ਉਹ ਵਪਾਰੀ ਵਰਗ ਦੀ ਸਭ ਤੋਂ ਚਹੇਤੀ ਪਾਰਟੀ ਬਣ ਗਈ ਹੈ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਸੰਸਦ ਮੈਂਬਰ ਭਗਵੰਤ ਮਾਨ ਅਤੇ ਸਾਧੂ ਸਿੰਘ, ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ਲੀਗਲ ਸੈੱਲ ਦੇ ਇੰਚਾਰਜ ਹਿੰਮਤ ਸਿੰਘ ਸ਼ੇਰਗਿੱਲ ਅਤੇ ਸਾਬਕਾ ਐਮਪੀ ਜਗਮੀਤ ਸਿੰਘ ਬਰਾੜ ਵੀ ਮੌਜੂਦ ਸਨ। ਇਸ ਦੌਰਾਨ ਸ੍ਰੀ ਕੇਜਰੀਵਾਲ ਨੇ ਬਿਆਸ ’ਚ ਰਾਧਾ ਸੁਆਮੀ ਡੇਰੇ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਕੇ ਕਰੀਬ ਅੱਧੇ ਘੰਟੇ ਤਕ ਪੰਜਾਬ ਦੇ ਸਿਆਸੀ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ।
ਮਹਿਲਾ ਕਾਂਗਰਸ ਵਰਕਰਾਂ ਵੱਲੋਂ ਕੇਜਰੀਵਾਲ ਦਾ ਵਿਰੋਧ: ਮਹਿਲਾ ਕਾਂਗਰਸ ਦੀਆਂ ਔਰਤਾਂ ਨੇ ਸਮਾਗਮ ਵਾਲੀ ਥਾਂ ’ਤੇ ਪਹੁੰਚ ਕੇ ਕੇਜਰੀਵਾਲ ਦਾ ਵਿਰੋਧ ਕੀਤਾ। ਜ਼ਿਲ੍ਹਾ ਪ੍ਰਧਾਨ ਜਸਲੀਨ ਸੇਠੀ ਦੀ ਅਗਵਾਈ ਹੇਠ ਮਹਿਲਾ ਵਰਕਰਾਂ ਨੇ ‘ਆਪ’ ਨੂੰ ਮਹਿਲਾ ਵਿਰੋਧੀ ਪਾਰਟੀ ਦੱਸਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿੱਚ ‘ਆਪ’ ਦੇ ਵਰਕਰਾਂ ਨੇ ਵੀ ਕਾਂਗਰਸ ਵਿਰੁੱਧ ਨਾਅਰੇ ਲਾਏ।
ਨੋਟ ਹਮਾਰੇ-ਵੋਟ ਹਮਾਰੇ…
ਅਗਰਵਾਲ ਭਾਈਚਾਰੇ ਦੇ ਹੈਦਰਾਬਾਦ ਤੋਂ ਆਏ ਆਗੂ ਉਤਪਲ ਸ੍ਰੀਨਿਵਾਸ ਨੇ ਕਿਹਾ ਕਿ ਅਗਰਵਾਲ ਭਾਈਚਾਰੇ ਦੀ ਸਮੁੱਚੇ ਦੇਸ਼ ਵਿੱਚ ਅਬਾਦੀ 25 ਕਰੋੜ ਹੈ ਅਤੇ ਉਹ ਹੀ ਦੇਸ਼ ਦਾ 75 ਫ਼ੀਸਦੀ ਰੈਵੇਨਿਊ ਪੈਦਾ ਕਰਦਾ ਹੈ। ਇਸ ਦੇ ਬਾਵਜੂਦ ਰਾਜਨੀਤਿਕ ਪਾਰਟੀਆਂ ਹੋਰ ਭਾਈਚਾਰਿਆਂ ਨੂੰ ਟਿਕਟਾਂ ਦੇ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਨੋਟ ਹਮਾਰੇ, ਵੋਟ ਹਮਾਰੇ ਅਤੇ ਫਿਰ ਸੀਟਾਂ ਸਾਡੀਆਂ ਕਿਉਂ ਨਹੀਂ? ਉਨ੍ਹਾਂ ਅਗਰਵਾਲ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਾਈਚਾਰੇ ਨੂੰ ਹੀ ਤਾਕਤ ਬਖ਼ਸ਼ਣ। ਉਨ੍ਹਾਂ ਇਸ ਗੱਲ ’ਤੇ ਮਾਣ ਮਹਿਸੂਸ ਕੀਤਾ ਕਿ ਕੇਜਰੀਵਾਲ ਅਗਰਵਾਲ ਭਾਈਚਾਰੇ ਵਿੱਚੋਂ ਹੀ ਹਨ।
ਕੇਜਰੀਵਾਲ ਦੀ ਆਮਦ ਮੌਕੇ ਮਹਿਲਾ ਕਾਂਗਰਸੀ ਕਾਰਕੁਨਾਂ ਦੀ ਪੁਲੀਸ ਵੱਲੋਂ ਖਿੱਚ-ਧੂਹ
ਅੰਮ੍ਰਿਤਸਰ : ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮਦ ਮੌਕੇ ਪੰਜਾਬ ਮਹਿਲਾ ਕਾਂਗਰਸ ਵਰਕਰਸ ਵੱਲੋਂ ਰੋਸ ਵਿਖਾਵਾ ਕੀਤਾ ਗਿਆ ਅਤੇ ‘ਕੇਜਰੀਵਾਲ ਵਾਪਸ ਜਾਓ’ ਦੇ ਨਾਅਰੇ ਲਾਏ ਗਏ। ਇਸ ਦੌਰਾਨ ਮਹਿਲਾ ਕਾਂਗਰਸ ਵਰਕਰਸ ਤੇ ਪੁਲੀਸ ਵਿਚਾਲੇ ਖਿੱਚ ਧੂਹ ਵੀ ਹੋਈ ਹੈ, ਜਿਸ ਕਾਰਨ ਕੁਝ ਵਰਕਰਸ ਦੇ ਸੱਟਾਂ ਵੀ ਲੱਗੀਆਂ ਹਨ। ਇਨ੍ਹਾਂ ਵਿਚ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਸ੍ਰੀ ਕੇਜਰੀਵਾਲ ਨੇ ਜਲੰਧਰ ਆਉਣਾ ਸੀ ਅਤੇ ਇਸ ਸਬੰਧੀ ਉਹ ਸਵੇਰੇ ਸ੍ਰੀ ਗੁਰੂ ਰਾਮਦਾਸ ਅੰਤਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ।
Leave a Comment