ਪਵਨ ਬਾਂਸਲ,ਪ੍ਰਦੀਪ ਛਾਬੜਾ ਅਤੇ ਮੁਨੀਸ਼ ਤਿਵਾੜੀ: ਨਗਰ ਨਿਗਮ ਚੋਣਾਂ ਦੇ ਗਰੁੱਪ ਵਿਚ ਹੋ ਗਿਆ ਟਕਰਾਓ
ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵਲੋਂ ਚੰਡੀਗੜ੍ਹ ਦੀਆਂ ਨਗਰ ਨਿਗਮ ਚੋਣਾਂ ਦੌਰਾਨ ਪਵਨ ਬਾਂਸਲ ,ਪ੍ਰਦੀਪ ਛਾਬੜਾ ਧੜੇ ਨੂੰ ਚੁਣੌਤੀ ਦੇਣ ਦੀ ਰਣਨੀਤੀ ਬਣਾ ਲਈ ਹੈ। ਸੂਤਰਾਂ ਅਨੁਸਾਰ ਤਿਵਾੜੀ ਧੜੇ ਨੇ ਭਾਵੇਂ ਆਪਣੇ ਆਗੂਆਂ ਤੋਂ ਉਮੀਦਵਾਰਾ ਲਈ ਦਾਅਵੇ ਭਰਵਏ ਹਨ ਪਰ ਘੱਟੋ-ਘੱਟ ਪੰਜ ਟਿਕਟਾਂ ਹਾਸਲ ਕਰਨ ਲਈ ਦਿੱਲੀ ਅਤੇ ਚੰਡੀਗੜ੍ਹ ਵਿਚ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਹਨ।
ਕਾਂਗਰਸ ਵਲੋਂ 25 ਸਤੰਬਰ ਤੱਕ ਉਮੀਦਵਾਰਾਂ ਦੇ ਚਾਹਵਾਨਾਂ ਕੋਲੋਂ ਅਰਜ਼ੀਆਂ ਮੰਗੀਆਂ ਸਨ ਅਤੇ ਅਖੀਰਲੇ ਦਿਨ ਅਚਨਚੇਤ ਤਿਵਾੜੀ ਧੜੇ ਦੇ 11 ਆਗੂਆਂ ਵਲੋਂ ਇਕੱਠੀਆਂ ਅਰਜ਼ੀਆਂ ਜਮ੍ਹਾਂ ਕਰਵਾ ਕੇ ਖਲਬਲੀ ਮਚਾ ਦਿੱਤੀ ਹੈ। ਸੂਤਰਾਂ ਅਨੁਸਾਰ ਤਿਵਾੜੀ ਧੜੇ ਵਲੋਂ ਪਹਿਲਾਂ ਕੌਂਸਲਰ ਰਹਿ ਚੁੱਕੇ ਅਤੇ ਮਨੀਸ਼ ਤਿਵਾੜੀ ਦੀ ਸੱਜੀ ਬਾਂਹ ਮੰਨੇ ਜਾਂਦੇ ਚੰਦਰ ਮੁਖੀ ਸ਼ਰਮਾ, ਕਾਂਗਰਸ ਦੇ ਸਭ ਤੋਂ ਪੁਰਾਣੇ ਆਗੂ ਪ੍ਰਿੰਸੀਪਲ ਗੁਰਬਚਨ ਸਿੰਘ ਜਾਂ ਉਨ੍ਹਾਂ ਦੇ ਪੁੱਤਰ ਅਜੀਤ ਸਿੰਘ ਅਤੇ ਇੰਟਕ ਦੇ ਆਗੂ ਕੁਲਬੀਰ ਸਿੰਘ ਨੂੰ ਟਿਕਟਾਂ ਦਿਵਾਉਣ ਦੀ ਪੂਰੀ ਜ਼ਮੀਨ ਤਿਆਰ ਕਰ ਲਈ ਹੈ।
ਇਸ ਤੋਂ ਇਲਾਵਾ ਮੁਸਲਿਮ ਭਾਈਚਾਰੇ ਦੇ ਆਗੂ ਵਸੀਮ ਮੀਰ, ਮੁਹੰਮਦ ਅਮੀਰ ਅਤੇ ਮੁਹੰਮਦ ਇਮਰਾਨ ਵਿਚੋਂ ਵੀ ਕਿਸੇ ਇਕ ਆਗੂ ਨੂੰ ਟਿਕਟ ਦਿਵਾਉਣ ਦੀ ਰਣਨੀਤੀ ਬਣਾਈ ਹੈ।
ਇਸ ਧੜੇ ਦੇ ਪ੍ਰਮੁੱਖ ਆਗੂ ਅਤੇ ਸਾਬਕਾ ਮੇਅਰ ਰਵਿੰਦਰਪਾਲ ਸਿੰਘ ਪਾਲੀ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਸ ਨੇ ਪਿੱਛਲੀ ਵਾਰ ਵੀ ਚੋਣ ਨਹੀਂ ਲੜੀ ਸੀ ਅਤੇ ਨਾ ਹੀ ਉਹ ਇਸ ਵਾਰ ਚੋਣ ਲੜਨਗੇ ਕਿਉਂਕਿ ਮੇਅਰ ਬਣਨ ਤੋਂ ਬਾਅਦ ਕੌਂਸਲਰ ਦੀ ਚੋਣ ਲੜਨੀ ਕੋਈ ਅਰਥ ਨਹੀਂ ਰੱਖਦੀ।
ਦੂਸਰੇ ਪਾਸੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਪ੍ਰਦੀਪ ਛਾਬੜਾ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ 14 ਅਕਤੂਬਰ ਨੂੰ ਮਹਿਲਾਵਾਂ ਲਈ ਵਾਰਡ ਰਾਖਵੇਂ ਕਰਨ ਵਾਸਤੇ ਕੱਢੇ ਜਾ ਰਹੇ ਡਰਾਅ ਤੋਂ ਬਾਅਦ ਹੀ ਉਹ ਹਾਸਲ ਹੋਈਆਂ 200 ਅਰਜ਼ੀਆਂ ਦੀ ਪੁਣ-ਛਾਣ ਕਰਨਗੇ।
ਉਨ੍ਹਾਂ ਕਿਹਾ ਕਿ 14 ਅਕਤੂਬਰ ਤੋਂ ਬਾਅਦ ਮੁੜ ਉਮੀਦਵਾਰੀ ਦੇ ਦਾਅਵੇਦਾਰਾਂ ਕੋਲੋਂ ਵਿਸ਼ੇਸ਼ ਫਾਰਮ ਭਰਵਾਏ ਜਾਣਗੇ ਜਿਸ ਵਿਚ ਹਰੇਕ ਦਾਅਵੇਦਾਰ ਕੋਲੋਂ ਵੇਰਵੇ ਲਏ ਜਾਣਗੇ ਕਿ ਉਸ ਨੇ ਪਾਰਟੀ ਦੀ ਬਿਹਤਰੀ ਅਤੇ ਵਿਰੋਧ ਵਿਚ ਕੀ ਕਾਰਵਾਈਆਂ ਕੀਤੀਆਂ ਹਨ।
ਸੂਤਰਾਂ ਅਨੁਸਾਰ ਆਲ ਇੰਡੀਆ ਕਾਂਗਰਸ ਦੇ ਸਕੱਤਰ ਤੇ ਚੰਡੀਗੜ੍ਹ ਇਕਾਈ ਦੇ ਕੋ-ਅਬਜ਼ਰਵਰ ਹਰੀਸ਼ ਚੌਧਰੀ ਨੂੰ ਹੀ ਇਥੋਂ ਦਾ ਮੁਕੰਮਲ ਇੰਚਾਰਜ ਨਿਯੁਕਤ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਅਤਿ ਨਜ਼ਦੀਕੀ ਮੰਨੇ ਜਾਂਦੇ ਹਨ ਜਿਸ ਕਾਰਨ ਟਿਕਟਾਂ ਦੀ ਵੰਡ ਵਿਚ ਸ੍ਰੀ ਚੌਧਰੀ ਕੋਲ ਕਾਫੀ ਅਧਿਕਾਰ ਹੋ ਸਕਦੇ ਹਨ।
ਉਂਜ ਟਿਕਟਾਂ ਦੀ ਵੰਡ ਵਿਚ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਤੇ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਛਾਬੜਾ ਦੀ ਸਿਫਾਰਸ਼ ਦੀ ਵੀ ਅਹਿਮ ਭੂਮਿਕਾ ਹੋਵੇਗੀ। ਦੱਸਣਯੋਗ ਹੈ ਕਿ ਸਾਲ 2014 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਸ੍ਰੀ ਤਿਵਾੜੀ ਦੇ ਧੜੇ ਸਮੇਤ ਕੁਝ ਹੋਰ ਆਗੂਆਂ ਵਲੋਂ ਬਗ਼ਾਵਤੀ ਸੁਰਾਂ ਚੁੱਕੀਆਂ ਸਨ। ਉਸ ਵੇਲੇ ਐਚਐਸ ਲੱਕੀ ਨੇ ਵੀ ਸ੍ਰੀ ਬਾਂਸਲ ਵਿਰੁੱਧ ਬਾਗੀ ਸੁਰਾਂ ਉਠਾਉਂਦਿਆਂ ਸੰਸਦ ਮੈਂਬਰ ਦੀ ਸੀਟ ਲਈ ਆਪਣਾ ਦਾਅਵਾ ਪੇਸ਼ ਕੀਤਾ ਸੀ ਪਰ ਬਾਅਦ ਵਿਚ ਉਹ ਪਿਛੇ ਹੱਟ ਗਏ ਸਨ।
ਸ੍ਰੀ ਲੱਕੀ ਨੇ ਹੁਣ ਉਮੀਦਵਾਰੀ ਲਈ ਅਰਜ਼ੀ ਦਿੱਤੀ ਹੈ। ਇਸ ਤੋਂ ਇਲਾਵਾ ਮਹਿਲਾ ਕਾਂਗਰਸ ਦੀ ਪ੍ਰਧਾਨ ਪੂਨਮ ਸ਼ਰਮਾ, ਮੌਜੂਦਾ ਕੌਂਸਲਰ ਹਰਫੂਲ ਕਲਿਆਣ, ਸ਼ੀਲਾ ਦੇਵੀ, ਗੁਰਬਖਸ਼ ਰਾਵਤ, ਸੁਭਾਸ਼ ਚਾਵਲਾ ਤੇ ਉਨ੍ਹਾਂ ਦੇ ਪੁੱਤਰ ਸੁਮੀਤ ਚਾਵਲਾ, ਯੂਥ ਕਾਂਗਰਸ ਦੇ ਪ੍ਰਧਾਨ ਹਰਮੇਲ ਕੇਸਰੀ, ਦਵਿੰਦਰ ਬਬਲਾ, ਜਨਰਲ ਸਕੱਤਰ ਸੰਦੀਪ ਭਾਰਦਵਾਜ, ਅਜੇ ਜੋਸ਼ੀ, ਸੋਹਣ ਲਾਲ ਵੈਦ, ਜਤਿੰਦਰ ਭਾਟੀਆ, ਚਿਤਰੰਜਨ ਚੰਚਲ ਆਦਿ ਨੇ ਵੀ ਉਮੀਦਵਾਰੀ ਦਾ ਦਾਅਵਾ ਪੇਸ਼ ਕੀਤਾ।
ਵਾਰਡ ਨੰਬਰ 3 ਛਾਬੜਾ ਦੇ ਨਾਮ
ਪ੍ਰਧਾਨ ਸ੍ਰੀ ਛਾਬੜਾ ਵਲੋਂ ਇਸ ਵਾਰ ਚੋਣਾਂ ਨਾ ਲੜਨ ਦਾ ਐਲਾਨ ਕਰਨ ਦੇ ਬਾਵਜੂਦ ਵਾਰਡ ਨੰਬਰ 3 ਲਈ ਕਾਂਗਰਸ ਦੇ ਕਿਸੇ ਵੀ ਆਗੂ ਨੇ ਅਰਜ਼ੀ ਨਹੀਂ ਦਿੱਤੀ। ਪਾਰਟੀ ਦੇ ਸਮੂਹ ਆਗੂਆਂ ਨੇ ਸ੍ਰੀ ਛਾਬੜਾ ਨੂੰ ਵੱਡਾ ਸਨਮਾਨ ਦਿੰਦਿਆਂ ਅਧਿਕਾਰ ਦਿੱਤੇ ਹਨ ਕਿ ਇਸ ਸੀਟ ਲਈ ਉਹ ਖ਼ੁਦ ਹੀ ਉਮੀਦਵਾਰ ਦੀ ਚੋਣ ਕਰ ਸਕਦੇ ਹਨ|
Leave a Comment