
ਬਿਜਲਈ ਵੋਟਿੰਗ ਮਸ਼ੀਨਾਂ ਕੈਪਟਨ ਚਾਹੇ ਤਾਂ ਲੰਡਨ ਤੋਂ ਮਸ਼ੀਨਾਂ ਮੰਗਵਾ ਲਵੇ : “ਸਾਨੂੰ ਕੋਈ ਇਤਰਾਜ਼ ਨਹੀਂ ਬਾਦਲ”
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿਧਾਨਸਭਾ ਚੋਣਾਂ ’ਤੇ ਬਿਜਲਈ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਹੋਣ ਦੇ ਦੋਸ਼ਾਂ ਬਾਰੇ ਕਿਹਾ ‘ਕੈਪਟਨ ਚਾਹੇ ਤਾਂ ਲੰਡਨ ਤੋਂ ਮਸ਼ੀਨਾਂ ਮੰਗਵਾ ਲਵੇ, ਸਾਨੂੰ ਕੋਈ ਇਤਰਾਜ਼ ਨਹੀਂ।
ਬਿਜਲਈ ਵੋਟਿੰਗ ਮਸ਼ੀਨਾਂ ਦੀ ਦੇਖ-ਰੇਖ ਚੋਣ ਕਮਿਸ਼ਨ ਵੱਲੋਂ ਕੀਤੀ ਜਾਂਦੀ ਹੈ ਅਤੇ ਸੂਬਾ ਜਾਂ ਕੇਂਦਰ ਸਰਕਾਰ ਕਿਸੇ ਵੀ ਤਰੀਕੇ ਨਾਲ ਇੰਨ੍ਹਾਂ ਨਾਲ ਛੇੜ ਛਾੜ ਨਹੀਂ ਕਰ ਸਕਦੀ।’ ਉਹ ਅੱਜ ਲੰਬੀ ਹਲਕੇ ’ਚ ਸੰਗਤ ਦਰਸ਼ਨ ਮੌਕੇ ਮਿੱਡੂਖੇੜਾ ’ਚ ਪੱਤਰਕਾਰਾਂ ਨਾਲ ਗੱਲਬਾਤ ਕਰੇ ਰਹੇ ਸਨ।
ਉਨ੍ਹਾਂ ਅੱਜ ਪਿੰਡ ਭੁੱਲਰਵਾਲਾ, ਭੀਟੀਵਾਲਾ, ਕੱਖਾਂਵਾਲੀ, ਲੁਹਾਰਾ, ਘੁਮਿਆਰਾ, ਮਹਿਣਾ, ਚੱਕ ਮਿੱਡੂ ਸਿੰਘ ਵਾਲਾ ਵਿੱਚ ਸੰਗਤ ਦਰਸ਼ਨ ਸਮਾਗਮਾਂ ਨੂੰ ਸੰਬੋਧਨ ਕੀਤਾ।
ਪੰਜਾਬ ਚੌਥੇ ਫ਼ਰੰਟ ਦੀਆਂ ਪੇਸ਼ਬੰਦੀਆਂ ਦੇ ਸੁਆਲ ’ਤੇ ਸ੍ਰੀ ਬਾਦਲ ਨੇ ਬੇਪ੍ਰਵਾਹੀ ਦੇ ਅੰਦਾਜ਼ ’ਚ ਕਿਹਾ ਕਿ ‘ਫਰੰਟ ਭਾਵੇਂ ਦਸ ਬਣ ਜਾਣ ਸਾਨੂੰ ਕੋਈ ਫ਼ਰਕ ਨਹੀਂ ਪੈਂਦਾ।’ ਮੁੱਖ ਮੰਤਰੀ ਬਾਦਲ ਨੇ ਰੇਤੇ ਦੀਆਂ ਖੱਡਾਂ ਚਹੇਤਿਆਂ ਨੂੰ ਦੇਣ ਦੇ ਦੋਸ਼ਾਂ ਬਾਰੇ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ‘ਜੀਹਨੂੰ ਵੀ ਅਲਾਟਮੈਂਟ ਹੁੰਦੀ ਹੈ, ਵਿਰੋਧੀ ਉਸੇ ਨੂੰ ਸਾਡਾ ਚਹੇਤਾ ਬਣਾ ਦਿੰਦੇ ਹਨ।
ਪਿੰਡ ਭੀਟੀਵਾਲਾ ਉਨ੍ਹਾਂ ਕਿਹਾ ਕਿ ਤੁਹਾਨੂੰ ਤਾਂ ਰੂੰਗਾ-ਚੂੰਗਾ ਹੀ ਕਰੋੜਾਂ ਦਾ ਮਿਲ ਗਿਆ। ਭੁੱਲਰਵਾਲਾ ਵਿਚ ਇੱਕ ਬੀਮਾਰ ਲੜਕੀ ਦੇ ਇਲਾਜ ਲਈ ਮੁੱਖ ਮੰਤਰੀ ਦੇ ਸਨਮੁੱਖ ਪਹੁੰਚਣ ’ਤੇ ਮੁੱਖ ਮੰਤਰੀ ਨੇ ਸਿਵਲ ਸਰਜਨ ਨੂੰ ਉਸਦੇ ਇਲਾਜ ਅਤੇ ਡਿਪਟੀ ਕਮਿਸ਼ਨਰ ਨੂੰ ਮਾਲੀ ਮੱਦਦ ਸਬੰਧੀ ਨਿਰਦੇਸ਼ ਦਿੱਤੇ। ਪਿੰਡ ਮਹਿਣਾ ਪਾਣੀ ਨਾ ਸਮੱਸਿਆ ਬਾਰੇ ਲੋਕਾਂ ਦੀ ਮੰਗ ’ਤੇ ਇੱਕ ਵਾਰ ਤਾਂ ਸ੍ਰੀ ਬਾਦਲ ਨੇ ਕਿਹਾ ਦਿੱਤਾ ਕਿ ਕਾਕਾ, ਪਾਣੀ ਮੈਂ ਥੋੜ੍ਹਾ ਛੱਡਣੈ।
ਬਾਅਦ ’ਚ ਜਦੋਂ ਮੋਟਰ ਸੜੀ ਹੋਣ ਬਾਰੇ ਲੋਕਾਂ ਨੇ ਖੁਲਾਸਾ ਕੀਤਾ ਤਾਂ ਬਾਬਾ ਬੋਹੜ ਨੇ ਕਿਹਾ ‘ਅੱਛਾ, ਮੋਟਰਾਂ ਤਾਂ ਦੋ ਲਵਾਂ ਦਿਆਂਗੇ, ਫ਼ਿਕਰ ਨਾ ਕਰੋ।
ਇਹ ਘਟਨਾਵਾਂ ਤਾਂ ਅਮਰੀਕਾ ’ਚ ਵੀ ਹੁੰਦੀਆਂ ਨੇ: ਜਗਰਾਊਂ ਵਿਖੇ ਸ਼ਰਤ ਲਾ ਕੇ ਕੁਝ ਮੁਸ਼ਟੰਡਿਆਂ ਵੱਲੋਂ ਇੱਕ ਔਰਤ ਨੂੰ ਸਰੇ ਬਾਜ਼ਾਰ ਨਿਰਵਸਤਰ ਕਰਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੇ ਇਹੋ ਜਿਹੀਆਂ ਘਟਨਾਵਾਂ ਦੂਜੇ ਅਮਰੀਕਾ ਜਿਹੇ ਦੇਸ਼ਾਂ ’ਚ ਆਮ ਹੁੰਦੀਆਂ ਹਨ। ਨਿੱਤ ਸ਼ਾਮ ਸਮੇਂ ਟੀ.ਵੀ. ’ਤੇ ਅਜਿਹੀਆਂ ਖ਼ਬਰਾਂ ਹੀ ਵੇਖਣ ਨੂੰ ਮਿਲਦੀਆਂ ਹਨ।
ਮਾਯੂਸ ਬੇਰੁਜ਼ਗਾਰ ਨੇ ਮੁੱਖ ਮੰਤਰੀ ਦੀ ਗੱਡੀ ’ਤੇ ਵਗਾਹ ਮਾਰੀ ਦਰਖਾਸਤ ਪੰਜਾਬ ’ਚ ਬੇਰੁਜ਼ਗਾਰਾਂ ਦਾ ਦਰਦ ਉੱਬਲ-ਉੱਬਲ ਬਾਹਰ ਡੁੱਲ੍ਹ ਰਿਹਾ ਹੈ। ਨੌਕਰੀ ਪੱਖੋਂ ਲਾਚਾਰ ਇੱਕ ਬੀ.ਕਾਮ ਬੇਰੁਜ਼ਗਾਰ ਨੌਜਵਾਨ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਗੱਡੀ ’ਤੇ ਆਪਣੀ ਅੱਪਲੀਕੈਸ਼ਨ ਸੁੱਟ ਕੇ ਰੋਸਾ ਜ਼ਾਹਰ ਕੀਤਾ।
ਮੰਡੀ ਕਿੱਲਿਆਂਵਾਲੀ ਦਾ ਵਸਨੀਕ 35 ਸਾਲਾ ਦਿਨੇਸ਼ ਕੁਮਾਰ ਅਗਰਵਾਲ ਪੁੱਤਰ ਸਾਧੂ ਰਾਮ ਨੌਕਰੀ ਲਈ ਫਰਿਆਦ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਖਾਤਰ ਪਿੰਡ ਬਾਦਲ ਗਿਆ ਸੀ। ਇਹ ਘਟਨਾ ਸਵੇਰੇ ਲਗਪਗ 9 ਵਜੇ ਪਿੰਡ ਬਾਦਲ ਬਾਦਲ ’ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨਿੱਜੀ ਰਿਹਾਹਿਸ਼ ਦੇ ਮੂਹਰੇ ਵਾਪਰੀ।
ਰਿਹਾਇਸ਼ ’ਤੇ ਤਾਇਨਾਤ ਸੁਰੱਖਿਆ ਅਮਲੇ ਨੇ ਦਿਨੇਸ਼ ਨੂੰ ਅੰਦਰ ਨਹੀਂ ਜਾਣ ਦਿੱਤਾ।ਇਸੇ ਦੌਰਾਨ ਲੰਬੀ ਹਲਕੇ ’ਚ ਸੰਗਤ ਦਰਸ਼ਨ ਸਮਾਗਮਾਂ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਘਰੋਂ ਆਪਣੇ ਕਾਫ਼ਲੇ ਸਮੇਤ ਨਿੱਕਲੇ ਤਾਂ ਬਾਹਰ ਖੜ੍ਹੇ ਦਿਨੇਸ਼ ਨੇ ਰੋਸ ਵਜੋਂ ਆਪਣੀ ਦਰਖਾਸਤ ਅਤੇ ਹੋਰ ਕਾਗਜ਼ ਮੁੱਖ ਮੰਤਰੀ ਦੀ ਗੱਡੀ ’ਤੇ ਵਗਾਹ ਕੇ ਮਾਰੇ।
ਇਸ ਅਣਕਿਆਸੀ ਘਟਨਾ ਤੋਂ ਤੁਰੰਤ ਹਰਕਤ ਵਿੱਚ ਆਏ ਸੁਰੱਖਿਆ ਅਮਲੇ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਉਸਨੂੰ ਲੰਬੀ ਥਾਣੇ ਲਿਜਾਇਆ ਗਿਆ।
ਜਿੱਥੇ ਮੁੱਢਲੀ ਪੁੱਛਗਿੱਛ ਉਪਰੰਤ ਦੋ ਢਾਈ ਘੰਟੇ ਬਾਅਦ ਉਸਨੂੰ ਛੱਡ ਦਿੱਤਾ ਗਿਆ। ਬਾਅਦ ’ਚ ਸੰਪਰਕ ਕਰਨ ’ਤੇ ਬੀ.ਕਾਮ ਤੱਕ ਪੜ੍ਹੇ ਹੋਣ ਦਾ ਦਾਅਵਾ ਕਰਦਿਆਂ ਦਿਨੇਸ਼ ਨੇ ਉਕਤ ਘਟਨਾ ਬਾਰੇ ਕੁਝ ਵੀ ਕਹਿਣੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਮਲੋਟ ਦੇ ਐਸ.ਪੀ ਬਲਰਾਜ ਸਿੰਘ ਨੇ ਅਜਿਹੀ ਘਟਨਾ ਬਾਰੇ ਕੋਰੀ ਨਾਂਹ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਗੱਡੀ ’ਤੇ ਕਿਸੇ ਨੇ ਰੋਸ ਵਜੋਂ ਕਾਗਜ਼ ਨਹੀਂ ਸੁੱਟੇ।
Leave a Comment