ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦਾ ਇੱਕ ਦਿਨਾਂ ਦੌਰਾ ਕਰਨਗੇ। ਉਨ੍ਹਾਂ ਦਾ 24 ਸਤੰਬਰ ਤੋਂ ਸ਼ੁਰੂ ਹੋਣ ਵਾਲਾ 10 ਰੋਜ਼ਾ ‘ਪੰਜਾਬ ਟੂਰ’ ਮੁਲਤਵੀ ਹੋ ਗਿਆ ਹੈ। ਅਗਰਵਾਲ ਸਭਾ ਵੱਲੋਂ 25 ਸਤੰਬਰ ਨੂੰ ਜਲੰਧਰ ਵਿੱਚ ਵੱਡਾ ਸਮਾਗਮ ਕਰਾਇਆ ਜਾ ਰਿਹਾ ਹੈ, ਜਿਸ ਵਿਚ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਸ਼ਾਮਲ ਹੋਣਗੇ।
ਅਰਵਿੰਦ ਕੇਜਰੀਵਾਲ ਹੁਣ ਪੰਜਾਬ ਦਾ ਦੌਰਾ ਅੱਧ ਅਕਤੂਬਰ ਤੋਂ ਸ਼ੁਰੂ ਕਰਨਗੇ। ਸੂਤਰ ਦੱਸਦੇ ਹਨ ਕਿ ਕੇਜਰੀਵਾਲ ਦੀ ਸਿਹਤ ਠੀਕ ਨਾ ਹੋਣ ਕਰਕੇ ਲੰਮਾ ਟੂਰ ਪ੍ਰੋਗਰਾਮ ਟਾਲਿਆ ਗਿਆ ਹੈ। ਚਰਚਾ ਇਹ ਵੀ ਹੈ ਕਿ ਦਿੱਲੀ ਵਿੱਚ ਫੈਲੀਆਂ ਬਿਮਾਰੀਆਂ ਦੇ ਮੱਦੇਨਜ਼ਰ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ।
ਕੇਜਰੀਵਾਲ ਨੇ ਬੀਤੀ 11 ਸਤੰਬਰ ਨੂੰ ਬਾਘਾ ਪੁਰਾਣਾ ਵਿੱਚ ਰੈਲੀ ਕਰਕੇ ਕਿਸਾਨ ਮੈਨੀਫੈਸਟੋ ਜਾਰੀ ਕੀਤਾ ਸੀ। ਉਹਨਾਂ ਨੇ 24 ਸਤੰਬਰ ਤੋਂ ਪੰਜਾਬ ਵਿੱਚ ਡੇਰਾ ਲਾਉਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਹੁਣ ਉਹ 15 ਅਕਤੂਬਰ ਦੇ ਆਸ-ਪਾਸ ਪੰਜਾਬ ਦਾ ਦੌਰਾ ਕਰਨਗੇ। ‘ਆਪ’ ਦਾ ਅਗਲਾ ਏਜੰਡਾ ‘ਦਲਿਤ ਮੈਨੀਫੈਸਟੋ’ ਜਾਰੀ ਕਰਨਾ ਹੈ। ਇਸ ਦੌਰਾਨ ਵਪਾਰੀਆਂ ਨਾਲ ‘ਆਪ’ ਦਾ ਡਾਇਲਾਗ ਪ੍ਰੋਗਰਾਮ ਜਾਰੀ ਹੈ। ਦੁਆਬੇ ਦੀ ਧਰਤੀ ਤੋਂ ਦਲਿਤ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ। ਅਕਤੂਬਰ ਵਿੱਚ ਹੀ ਕੇਜਰੀਵਾਲ ਦਾ ਬਠਿੰਡਾ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ।
ਕੇਜਰੀਵਾਲ ਦਾ ਪਿਛਲਾ ਦੌਰਾ ਸਫਲ ਰਹਿਣ ਕਰਕੇ ‘ਆਪ’ ਆਗੂ ਹੁਣ ਉਨ੍ਹਾਂ ਦੀ ਫੇਰੀ ਲਈ ਕਾਹਲੇ ਹਨ। ਸੂਤਰਾਂ ਅਨੂਸਾਰ ‘ਆਪ’ ਦੇ ਕੌਮੀ ਕਨਵੀਨਰ ਆਪਣਾ ਮੁੱਖ ਦਫ਼ਤਰ ਲੁਧਿਆਣਾ ਤੋਂ ਚਲਾਉਣਗੇ। ਉੱਥੇ ਹੀ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਲੁਧਿਆਣਾ ਵਿੱਚ ਕੇਜਰੀਵਾਲ ਦੇ ਰਹਿਣ ਲਈ ਇੱਕ ਮਕਾਨ ਦੀ ਮੁਰੰਮਤ ਵੀ ਹੋ ਰਹੀ ਹੈ|
ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ :
ਕਿ ਅਰਵਿੰਦ ਕੇਜਰੀਵਾਲ ਦੀ ਸਿਹਤ ਠੀਕ ਨਾ ਹੋਣ ਕਰਕੇ ਹੁਣ ਸਿਰਫ਼ ਜਲੰਧਰ ਵਿਚਲੇ ਅਗਰਵਾਲ ਸਮਾਗਮਾਂ ਵਿੱਚ ਸ਼ਾਮਲ ਹੋਣਗੇ ਅਤੇ ਉਨ੍ਹਾਂ ਦਾ ਪੰਜਾਬ ਵਿੱਚ ਲੰਮਾ ਟੂਰ ਪ੍ਰੋਗਰਾਮ ਹੁਣ ਮਿਡਲ ਅਕਤੂਬਰ ਤੋਂ ਸ਼ੁਰੂ ਹੋਵੇਗਾ। ਉਨ੍ਹਾਂ ਦੱਸਿਆ ਕਿ ਕੇਜਰੀਵਾਲ ਲੁਧਿਆਣਾ ਵਿੱਚ ਰਹਿ ਕੇ ਸਾਰੀ ਗਤੀਵਿਧੀ ਚਲਾਉਣਗੇ।
Leave a Comment