ਖਿਡਾਰੀਆਂ ਤੇ ਕਲਾਕਾਰਾਂ ਦੀ ਸਿਆਸੀ ਆਮਦ
ਪੰਜਾਬ ਦੀ ਰਾਜਨੀਤੀ ਵਿੱਚ ਹੁਣ ਖਰਾਬ ਵਰਤੇ ਰਾਜਨੀਤੀਵਾਨਾਂ ਦੇ ਨਾਲ ਨਾਲ ਖਿਡਾਰੀਆਂ ਤੇ ਕਲਾਕਾਰਾਂ ਦੀ ਆਮਦ ਵੀ ਹੋਣ ਲੱਗੀ ਹੈ। ਉਂਜ, ਰਾਜਨੀਤੀ ਦੇ ਖੇਤਰ ਵਿੱਚ ਕਲਾਕਾਰ ਤੇ ਖਿਡਾਰੀ ਕਾਮਯਾਬ ਘੱਟ ਹੀ ਹੋਏ ਹਨ, ਪਰ ‘ਕੁਰਸੀ ਰਾਣੀ’ ਦਾ ਮੋਹ ਉਨ੍ਹਾਂ ਨੂੰ ਸਿਆਸੀ ਮੈਦਾਨ ’ਚੋਂ ਨਿੱਕਲਣ ਨਹੀਂ ਦਿੰਦਾ।
ਹਾਲਾਤ ਇਹ ਬਣ ਗਏ ਹਨ ਕਿ ਪੰਜਾਬ ਦੀ ਸਿਆਸਤ ਵਿੱਚ ਹਰ ਦਿਨ ਨਵਾਂ ਧਮਾਕਾ ਹੋਣ ਲੱਗਿਆ ਹੈ। ਕਈ ਚੋਟੀ ਦੇ ਕਲਾਕਾਰ ਅਤੇ ਖਿਡਾਰੀ ਜੋ ਸਟੇਜ ਅਤੇ ਮੈਦਾਨ ਵਿੱਚ ਆਪਣਾ ਸਿੱਕਾ ਜਮਾ ਕੇ ਰੱਖਦੇ ਸਨ, ਰਾਜਨੀਤੀ ਦੇ ਮੈਦਾਨ ਵਿੱਚ ਕਿਸਮਤ ਅਜਮਾ ਰਹੇ ਹਨ।
ਇੱਕ ਦਿਨ ਗੱਲਾਂ-ਗੱਲਾਂ ’ਚ ਮੁਹੰਮਦ ਸਦੀਕ ਨੇ ਆਖਿਆ ਸੀ ਕਿ ‘ਵਿਧਾਇਕੀ ਨਾਲੋਂ ਤਾਂ ਗਾਇਕੀ ਚੰਗੀ’ ਜਿਸ ਤੋਂ ਜਾਪਦਾ ਹੈ ਕਿ ਗਾਇਕਾਂ ਨੂੰ ਸਿਆਸੀ ਸੁਰ ਅਲਾਪਣ ’ਚ ਮੁਸ਼ਕਿਲਾਂ ਆਉਂਦੀਆਂ ਹਨ। ਕਲਾਕਾਰਾਂ ਦੇ ਸਿਆਸੀ ਸਫ਼ਰ ’ਚ ਮਰਹੂਮ ਕੁਲਦੀਪ ਮਾਣਕ ਨੇ ਵੀ ਇੱਕ ਵਾਰ ਚੋਣ ਲੜੀ ਸੀ ਅਤੇ ਹਾਰ ਜਾਣ ਮਗਰੋਂ ਉਸ ਨੇ ਆਖ਼ਰੀ ਦਮ ਤਕ ਸਿਰਫ਼ ਗਾਇਕੀ ਨੂੰ ਹੀ ਅਪਣਾਈ ਰੱਖਿਆ।
ਬਾਦਲ ਸਰਕਾਰ ਤੋਂ ਰਾਜ ਗਾਇਕ ਦਾ ਐਵਾਰਡ ਹਾਸਲ ਕਰਨ ਉਪਰੰਤ ਇਸ ਪਾਰਟੀ ਵਿੱਚ ਆਪਣਾ ਰਾਜ ਨਾ ਚਲਦਾ ਵੇਖ ਕੇ ਹੰਸਰਾਜ ਹੰਸ ਨੇ ਵੀ ਕਾਂਗਰਸੀਆਂ ਦੇ ਮੋਤੀ ਚੁਗਣੇ ਸ਼ੁਰੂ ਕਰ ਦਿੱਤੇ। ਉਂਜ, ਕਾਂਗਰਸ ’ਚ ਵੀ ਆਮਦ ਤੋਂ ਬਾਅਦ ਇੱਕਾ-ਦੁੱਕਾ ਗੱਲਾਂ ਨੂੰ ਛੱਡ ਕੇ ਹੰਸ ਰਾਜ ਸਰਗਰਮ ਸਿਆਸਤ ’ਚ ਜ਼ਿਆਦਾ ਵਿਖਾਈ ਨਹੀਂ ਦਿੱਤਾ ਗਿਆ ।
ਮਿਸ ਪੂਜਾ ਵੀ ਭਾਜਪਾ ਵਿੱਚ ਸ਼ਾਮਿਲ ਹੋਈ ਸੀ ਪਰ ਉਸ ਦੀਆਂ ‘ਸਿਆਸੀ ਹੇਕਾਂ’ ਵੀ ਕਦੇ ਸੁਣਾਈ ਨਹੀਂ ਦਿੱਤੀਆਂ। ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਵੀ ਪਿੱਛੇ ਜਿਹੇ ਕਾਂਗਰਸ ਵਿੱਚ ਸ਼ਾਮਿਲ ਹੋਈ ਹੈ। ਗਾਇਕ ਜੱਸੀ ਜਸਰਾਜ ਵੀ ਆਮ ਆਦਮੀ ਪਾਰਟੀ ਦੇ ਮੈਦਾਨ ’ਚ ਨਿੱਤਰਿਆ ਸੀ।
ਬਠਿੰਡਾ ਤੋਂ ਮੁੱਖ ਮੰਤਰੀ ਦੀ ਨੂੰਹ ਹਰਸਿਮਰਤ ਕੌਰ ਬਾਦਲ ਤੇ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਦੇ ਖ਼ਿਲਾਫ਼ ਲੋਕ ਸਭਾ ਚੋਣ ਲੜਨ ਵਾਲੇ ਜੱਸੀ ਜਸਰਾਜ ਨੂੰ ‘ਆਪ’ ਨੇ ਬਾਹਰ ਦਾ ਰਸਤਾ ਵਿਖਾ ਦਿੱਤਾ। ਕਲਾਕਾਰਾਂ ਅਤੇ ਖਿਡਾਰੀਆਂ ਦੇ ਮਾਮਲੇ ’ਚ ਸਿਆਸੀ ਪਾਰਟੀਆਂ ਵਿੱਚੋਂ ‘ਆਪ’ ਦਾ ਹੱਥ ਉੱਪਰ ਹੈ।
ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ‘ਆਪ’ ਦੇ ਆਗੂ ਹਨ। ਭਗਵੰਤ ਮਾਨ ਨੇ ਆਪਣਾ ਸਿਆਸੀ ਸਫ਼ਰ ਪੀਪਲਜ਼ ਪਾਰਟੀ ਆਫ ਪੰਜਾਬ (ਪੀਪੀਪੀ) ਵਿੱਚ ਮਨਪ੍ਰੀਤ ਸਿੰਘ ਬਾਦਲ ਨਾਲ ਸ਼ੁਰੂ ਕੀਤਾ ਸੀ।
ਪੀਪੀਪੀ ਦੇ ਕਾਂਗਰਸ ਵਿੱਚ ਰਲੇਵੇ ਮਗਰੋਂ ਭਗਵੰਤ ਮਾਨ ‘ਆਪ’ ਵਿੱਚ ਸ਼ਾਮਿਲ ਹੋ ਗਿਆ। ਪੀਪੀਪੀ ’ਚ ਹੁੰਦਿਆਂ ਲਹਿਰਾਗਾਗਾ ਤੋਂ ਭਗਵੰਤ ਮਾਨ ਵਿਧਾਨ ਸਭਾ ਦੀ ਚੋਣ ਤਾਂ ਹਾਰ ਗਿਆ ਸੀ ਪਰ ਹੁਣ ਹਲਕਾ ਸੰਗਰੂਰ ਤੋਂ ‘ਆਪ’ ਦਾ ਸੰਸਦ ਮੈਂਬਰ ਹੈ। ਭਗਵੰਤ ਮਾਨ ਲੋਕ ਸਭਾ ਦੀ ਵੀਡੀਓ ਦੇ ਮਾਮਲੇ ਮਗਰੋਂ ਨੀਲੇ ਕਾਰਡਾਂ ਵਾਲਿਆਂ ਨੂੰ ਕਥਿਤ ਤੌਰ ’ਤੇ ਭਿਖਾਰੀ ਕਹਿਣ ਦੇ ਮਾਮਲੇ ’ਚ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਰਿਹਾ।
ਇਹੋ ਹੀ ਨਹੀਂ ਰਾਜਨੀਤੀ ਦਾ ਜਾਲ ਬੁਣਨ ਲਈ ਸੱਭਿਆਚਾਰਕ ਡੋਰਾ ਵਰਤਦਿਆਂ ‘ਆਪ’ ਨੇ ਵੀ ਕਿਸੇ ਵੇਲੇ ਲੋਕ ਭਲਾਈ ਪਾਰਟੀ ਦੇ ਬਲਵੰਤ ਸਿੰਘ ਰਾਮੂਵਾਲੀਆ (ਜੋ ਹੁਣ ਉੱਤਰ ਪ੍ਰਦੇਸ਼ ’ਚ ਸਮਾਜਵਾਦੀ ਪਾਰਟੀ ’ਚ ਸ਼ਾਮਿਲ ਹੋ ਕੇ ਜ਼ੇਲ੍ਹ ਮੰਤਰੀ ਹਨ) ਵੱਲੋਂ ਕਈ ਗਾਇਕਾਂ ਨੂੰ ਪਾਰਟੀ ’ਚ ਸ਼ਾਮਿਲ ਕਰਕੇ ਬਣਾਏ ਸੱਭਿਆਚਾਰਕ ਵਿੰਗ ਦੀ ਤਰਜ਼ ’ਤੇ ਅਜਿਹੇ ਹੀ ਵਿੰਗ ਦਾ ਗਠਨ ਕੀਤਾ ਹੈ ਜਿਸ ਦੇ ਮੁੱਖ ਮੈਂਬਰ ਗੀਤਕਾਰ ਬਚਨ ਬੇਦਿਲ ਨੂੰ ਬਣਾਇਆ ਹੋਇਆ ਹੈ।
ਆਮ ਆਦਮੀ ਪਾਰਟੀ ’ਚ ਹੀ ਖਿਡਾਰੀਆਂ ’ਤੇ ਨਜ਼ਰ ਮਾਰੀਏ ਤਾਂ ਅਰਜਨ ਐਵਾਰਡੀ ਬਾਸਕਿਟਬਾਲ ਖਿਡਾਰੀ ਸੱਜਣ ਸਿੰਘ ਚੀਮਾ, ਭਾਰਤੀ ਮਹਿਲਾ ਹਾਕੀ ’ਚ ‘ਗੋਲਡਨ ਗਰਲ’ ਵਜੋਂ ਜਾਣੀ ਜਾਂਦੀ ਭਾਰਤੀ ਟੀਮ ਦੀ ਕਪਤਾਨ ਰਹੀ ਰਾਜਬੀਰ ਕੌਰ, ਤਿੰਨ ਵਾਰ ਓਲੰਪਿਕ ਖੇਡਣ ਦਾ ਮਾਣ ਹਾਸਿਲ ਕਰ ਚੁੱਕੇ ਤੇ 1988 ’ਚ ਸਿਓਲ ਓਲੰਪਿਕ ਖੇਡਾਂ ’ਚ ਭਾਰਤੀ ਦਲ ਦੇ ਝੰਡਾ ਬਰਦਾਰ ਬਣੇ ਪੰਜਾਬ ਦੇ ਖੇਡ ਵਿਭਾਗ ਦੇ ਸਾਬਕਾ ਡਾਇਰੈਕਟਰ ਕਰਤਾਰ ਸਿੰਘ ਤੋਂ ਇਲਾਵਾ ਜਰਖੜ ਨੂੰ ਖੇਡਾਂ ਦੇ ਖੇਤਰ ’ਚ ਚਮਕਾਉਣ ਵਾਲੇ ਜਗਰੂਪ ਸਿੰਘ ਵੀ ‘ਆਪ’ ਆਗੂਆਂ ਦੀ ਕਤਾਰ ’ਚ ਸ਼ਾਮਿਲ ਹਨ।
ਕੇਂਦਰੀ ਮੰਤਰੀ ਅਰੁਣ ਜੇਤਲੀ ਨੂੰ ਸਿਆਸੀ ਗੁਰੂ ਮੰਨਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਤੇ ਦੋ ਵਾਰ ਸੰਸਦ ਮੈਂਬਰ ਅਤੇ ਇੱਕ ਵਾਰ ਰਾਜ ਸਭਾ ਦਾ ਮੈਂਬਰ ਬਣਨ ਮਗਰੋਂ ਅਸਤੀਫ਼ਾ ਦੇਣ ਵਾਲੇ ਨਜਵੋਤ ਸਿੱਧੂ ਨੇ ਵੀ ਰਾਜਨੀਤਕ ਗਲਿਆਰਿਆਂ ’ਚ ਚਲਦਿਆਂ ਸਿਆਸੀ ਸ਼ੁਰਲੀਆਂ ਨੂੰ ਠੁੱਸ ਕਰਕੇ ‘ਆਵਾਜ਼-ਏ-ਪੰਜਾਬ’ ਨਾਂਅ ਦੇ ਮੋਰਚੇ ਦਾ ਗਠਨ ਕੀਤਾ ਹੈ।
ਸਿਆਸੀ ਆਗੂ ਤੇ ਕ੍ਰਿਕਟ ਖਿਡਾਰੀ ਵਜੋਂ ਚੰਗੀ ਪਛਾਣ ਰੱਖਣ ਵਾਲੇ ਨਵਜੋਤ ਸਿੱਧੂ ਦੇ ਨਾਲ ਇਸ ਨਵੇਂ ਮੋਰਚੇ ’ਚ ਹਾਕੀ ਜਗਤ ’ਚ ਨਾਂਅ ਚਮਕਾ ਚੁੱਕੇ ‘ਪਦਮ ਸ੍ਰੀ’ ਪਰਗਟ ਸਿੰਘ ਵੀ ਸ਼ਾਮਿਲ ਹੋਏ ਹਨ। ਪਹਿਲਵਾਨ ਕਰਤਾਰ ਸਿੰਘ ਵਾਂਗ ਖੇਡ ਵਿਭਾਗ ਦੇ ਡਾਇਰੈਕਟਰ ਆਹੁਦੇ ਮਗਰੋਂ ਰਾਜਨੀਤੀ ਦੇ ਮੈਦਾਨ ’ਚ ਉਤਰ ਕੇ ਅਕਾਲੀ ਦਲ ਦੇ ਜਲੰਧਰ ਛਾਉਣੀ ਤੋਂ ਵਿਧਾਇਕ ਬਣੇ ਪਰਗਟ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਪੰਜ ਵਿਸ਼ਵ ਕਬੱਡੀ ਕੱਪਾਂ ਅਤੇ ਇੱਕ ਵਿਸ਼ਵ ਕਬੱਡੀ ਲੀਗ ’ਚ ਆਪਣਾ ਅਹਿਮ ਯੋਗਦਾਨ ਪਾਇਆ ਸੀ ਪਰ ਖ਼ੁਦ ਅਕਾਲੀ ਦਲ ਦੇ ਜੱਫੇ ’ਚ ਫਸ ਕੇ ਘੁਟਨ ਮਹਿਸੂਸ ਕਰ ਰਹੇ ਸਨ।
ਆਪਣੇ ਹਲਕੇ ’ਚ ਕੁਝ ਵਿਕਾਸ ਕਾਰਜ ਨਾ ਹੋਣ ਕਰਕੇ ਅਕਾਲੀ ਦਲ ਨਾਲ ਨਾਰਾਜ਼ ਚੱਲ ਰਹੇ ਪਰਗਟ ਸਿੰਘ ਨੇ ਹੁਣ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਖ਼ੈਰ, ਕਲਾਕਾਰ ਹੋਣ ਜਾਂ ਖਿਡਾਰੀ ਤੇ ਜਾਂ ਫਿਰ ਇਕੱਲੇ ਸਿਆਸੀ ਮੈਦਾਨ ਦੇ ਮਾਹਿਰ ਆਗੂ ਇਨ੍ਹਾਂ ਨੂੰ ਆਪਣੇ ਰੁਤਬੇ ਦਾ ਧਿਆਨ ਰੱਖਣ ਦੀ ਲੋੜ ਹੈ। ਕਿਸੇ ਪਾਰਟੀ ਨੂੰ ਕੁਝ ਦਿਨ ਪਹਿਲਾਂ ਪਾਣੀ ਪੀ-ਪੀ ਕੇ ਕੋਸਣਾ ਤੇ ਕੁਝ ਦਿਨਾਂ ਮਗਰੋਂ ਉਸੇ ਪਾਰਟੀ ’ਚ ਹੀ ਸ਼ਾਮਿਲ ਹੋ ਜਾਣਾ, ਉਨ੍ਹਾਂ ਦੇ ਸਿਆਸੀ ਕੱਦ ਨੂੰ ਛੋਟਾ ਕਰਦਾ ਹੈ।
ਉਂਜ, ਵੇਖੀਏ ਤਾਂ ਸਿਆਸਤ ਇਸੇ ਦਾ ਹੀ ਨਾਂ ਹੈ ਕਿ ਬੱਸ ਚੌਧਰ ਲਈ ਦਾਅ ਲੱਗਣਾ ਚਾਹੀਦਾ ਹੈ ਪਾਰਟੀ ਦਾ ਕੋਈ ਮਹੱਤਵ ਨਹੀਂ। ਅਦਲਾ-ਬਦਲੀ ਅਤੇ ਲੋਕ ਮੁੱਦਿਆਂ ਨੂੰ ਭੁਲਾ ਚੁੱਕੇ ਆਗੂ ਆਪਣੇ ਫ਼ਰਜ਼ ਪਛਾਨਣ ਨਹੀਂ ਤਾਂ ਲੀਡਰਾਂ ਵਾਂਗ ਵੋਟਰਾਂ ਕੋਲ ਵੀ ਪਾਰਟੀਆਂ ਬਦਲਣ ਦੀ ਕੋਈ ਘਾਟ ਨਹੀਂ।
Leave a Comment