ਤਿੰਰਗਾ ਯਾਤਰਾ ਤਹਿਤ ਕੀਤੀ ਜਾ ਰਹੀ ਪ੍ਰਚਾਰ ਮੁਹਿੰਮ ਦੇ ਚਲਦੇ ਅੱਜ ਭਾਜਪਾ ਦੇ ਕੇਂਦਰੀ ਮੰਤਰੀ ਅਤੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਲਾਲੜੂ ਮੰਡੀ ਦੀ ਦੁਰਗਾ ਦੇਵੀ ਧਰਮਸ਼ਾਲਾ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਕੱਲੀ ਭਾਜਪਾ ਹੀ ਇਹੋ ਜਿਹੀ ਪਾਰਟੀ ਹੈ ਜੋ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇ ਰਹੀ ਹੈ ਅਤੇ ਬੀਤੇ ਦੋ ਸਾਲ ਦੇ ਕਾਰਜਕਾਲ ਵਿਚ ਭਾਜਪਾ ਨੇ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦਿੱਤਾ ਹੈ। ਜਦ ਕਿ ਦਿੱਲੀ ਦੀ ਆਪ ਦੀ ਸਰਕਾਰ ਦੇ 10 ਮੰਤਰੀ ਹੁਣ ਤੱਕ ਵੱਖ ਵੱਖ ਦੋਸ਼ਾਂ ਦੇ ਤਹਿਤ ਜੇਲ੍ਹ ਯਾਤਰਾ ਕਰ ਚੁੱਕੇ ਹਨ।
ਇਸ ਮੌਕੇ ਸ੍ਰੀ ਸਾਂਪਲਾ ਨੇ ਕਾਂਗਰਸ ਪਾਰਟੀ ਖਿਲਾਫ ਇਕ ਸ਼ਬਦ ਵੀ ਨਹੀਂ ਬੋਲਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਕ ਡਰਾਮੈਟਿਕ ਕਲੱਬ ਹੈ, ਜਿਸ ਦੀ ਕੋਈ ਵਿਚਾਰ ਧਾਰਾ ਨਹੀਂ ਹੈ। ਦੂਜੇ ਪਾਸੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆਂ ਵਿਚ ਭਾਜਪਾ ਦਾ ਝੰਡਾ ਉਚਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਗੰਦੀ ਰਾਜਨੀਤੀ ਛੱਡ ਕੇ ਆਪਣੀ ਸੋਚ ਨੂੰ ਵਿਸ਼ਾਲ ਕਰਨਾ ਹੋਵੇਗਾ ਅਤੇ ਦੇਸ਼ ਦੇ ਵਿਕਾਸ ਲਈ ਅੱਗੇ ਆਉਣਾ ਪਵੇਗਾ। ਉਨ੍ਹਾਂ ਪ੍ਰੈਸ ਨੂੰ ਆਪਣਾ ਲੋਕ ਪੱਖੀ ਰੋਲ ਅਦਾ ਕਰਨ ਬਾਰੇ ਕਹਿੰਦਿਆਂ ਕਿਹਾ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਕਾਲਮ ਜਿਸ ਨੂੰ ਨਿਰਪੱਖ ਰਹਿ ਕੇ ਆਪਣਾ ਕਾਰਜ ਕਰਨਾ ਚਾਹੀਦਾ ਹੈ।
ਇਸ ਮੌਕੇ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਤੇ ਚੇਅਰਮੈਨ ਪੰਜਾਬ ਖਾਦੀ ਬੋਰਡ ਹਰਜੀਤ ਸਿੰਘ ਗਰੇਵਾਲ, ਸੰਗਠਨ ਸਕੱਤਰ ਦਿਨੇਸ਼ ਕੁਮਾਰ, ਸਕੱਤਰ ਵਿਨੀਤ ਜੋਸ਼ੀ, ਜ਼ਿਲ੍ਹਾ ਭਾਜਪਾ ਪ੍ਰਧਾਨ ਮੁਹਾਲੀ ਸੁਸ਼ੀਲ ਰਾਣਾ, ਸਾਬਕਾ ਪ੍ਰਧਾਨ ਜ਼ਿਲ੍ਹਾ ਪਟਿਆਲਾ ਦੇਵ ਰਾਜ, ਸੰਜੀਵ ਗੋਇਲ, ਰਾਜੀਵ ਸ਼ਰਮਾ, ਆਸ਼ੂ ਖੰਨਾ, ਸੋਮ ਚੰਦ ਗੋਇਲ, ਮੁਕੇਸ਼ ਗਾਂਧੀ, ਰਾਜਪਾਲ ਰਾਣਾ, ਹਰਭਜਨ ਮਹਿਰਾ, ਸੰਜੂ ਪਰਜਾਪੱਤ, ਰਾਜੇਸ਼ ਰਾਣਾ, ਰਮੇਸ਼ ਰਾਣਾ ਸਮੇਤ ਅਨੇਕਾਂ ਭਾਜਪਾ ਆਗੂ ਹਾਜ਼ਰ ਸਨ।
Leave a Comment