
ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕਾਂ ਨੇ ਲਗਾਇਆ ਡੇਰਾ ..
ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨੇ ਅੱਜ ਸਾਰਾ ਦਿਨ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਧਰਨੇ ਮਾਰ ਕੇ ਬਾਦਲ ਸਰਕਾਰ ਵਿਰੁੱਧ ਨਾਅਰੇਬਾਜ਼ੀ ਲਗਾਈ। ਕਾਂਗਰਸੀ ਵਿਧਾਇਕ ਅੱਜ ਵੀ ਦੂਸਰੀ ਰਾਤ ਵਿਧਾਨ ਸਭਾ ਦੇ ਅੰਦਰ ਡਟੇ ਰਹੇ, ਜਿਸ ਕਾਰਨ 12 ਸਤੰਬਰ ਸ਼ਾਮ ਤੋਂ ਲੈ ਕੇ ਅੱਜ ਦੇਰ ਰਾਤ ਤੱਕ ਇਥੇ ਤਨਾਵ ਰਿਹਾ ਹੈ।
ਵਿਧਾਨ ਸਭਾ ਵਿੱਚ ਧਰਨਾ ਮਾਰੀ ਬੈਠੇ ਕਾਂਗਰਸੀ ਵਿਧਾਇਕਾਂ ਨੇ ਅੱਜ ਬਾਅਦ ਦੁਪਹਿਰ ਉਨ੍ਹਾਂ ਨੂੰ ਮਿਲਣ ਆਏ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਪੀਲ ਵੀ ਠੁਕਰਾ ਦਿੱਤੀ। ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਫੋਨ
’ਤੇ ਦੱਸਿਆ ਕਿ ਇਸ ਮੌਕੇ ਕਾਂਗਰਸੀ ਵਿਧਾਇਕਾਂ ਨੇ ਸ੍ਰੀ ਬਾਦਲ ਨੂੰ ਕਿਹਾ ਕਿ ਉਹ ਸੈਸ਼ਨ ਦੌਰਾਨ ਉਨ੍ਹਾਂ ਨੂੰ ਬਹਿਸ ਦਾ ਸਮਾਂ ਦੇਣ ਤਦ ਹੀ ਉਹ ਧਰਨਾ ਖਤਮ ਕਰਨ ਗੇ ਪਰ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦਾ ਪ੍ਰੋਗਰਾਮ ਤਿਆਰ ਕਰਨ ਦੀ ਅਥਾਰਟੀ ਸਪੀਕਰ ਕੋਲ ਹੈ ਅਤੇ ਉਹ ਆਪਣੇ ਪੱਧਰ ’ਤੇ ਅਜਿਹਾ ਕੋਈ ਭਰੋਸਾ ਨਹੀਂ ਦੇ ਸਕਦੇ।
ਚੰਨੀ ਨੇ ਦੱਸਿਆ ਕਿ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਕਿ ਵਿਧਾਨ ਸਭਾ ਦੀਆਂ ਲਾਈਟਾਂ ਅਤੇ ਏ .ਸੀ ਬੰਦ ਹਨ ਤੇ ਵਿਧਾਇਕ ਪੱਖੇ ਲਾ ਕੇ ਗੁਜ਼ਾਰਾ ਕਰ ਰਹੇ ਹਨ | ਮੁੱਖ ਮੰਤਰੀ ਕਾਂਗਰਸੀ ਵਿਧਾਇਕਾਂ ਨਾਲ ਕੁੱਝ ਸਮਾਂ ਗੱਲਬਾਤ ਕਰਨ ਤੋਂ ਬਾਅਦ ਵਾਪਸ ਚਲੇ ਗਏ। ਉਨ੍ਹਾਂ ਦੱਸਿਆ ਕਿ ਲੰਘੀ ਰਾਤ 10:45 ਵਜੇ ਉਨ੍ਹਾਂ ਨੂੰ ਬਿਜਲੀ ਤੇ ਏ .ਸੀ ਚਾਲੂ ਕਰਨ ਦਾ ਭਰੋਸਾ ਦਿੱਤਾ ਸੀ, ਮਾਡਰੇਟ ਬਿਜਲੀ ਸਪਲਾਈ ਵੀ ਦਿਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਫੋਨ ਰਾਹੀਂ ਉਨ੍ਹਾਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਹੈ ,ਪਰ ਉਹ ਸਹਿਮਤ ਨਹੀਂ ਹੋਏ। ਸ੍ਰੀ ਚੰਨੀ ਨੇ ਦੋਸ਼ ਲਾਇਆ ਕਿ ਅੱਜ ਤਿੰਨ ਮਹਿਲਾ ਵਿਧਾਇਕਾਂ ਚਰਨਜੀਤ ਕੌਰ ਬਾਜਵਾ, ਕਰਨ ਬਰਾੜ ਤੇ ਹਰਚੰਦ ਕੌਰ ਸਮੇਤ ਪੰਜ ਵਿਧਾਇਕ ਸਵੇਰੇ 5 ਵਜੇ ਇਥੋਂ ਨਹਾਉਣ-ਧੋਣ ਗਏ ਸਨ ਪਰ ਉਨ੍ਹਾਂ ਨੂੰ ਹੁਣ ਪੁਲੀਸ ਨੇ ਵਾਪਸ ਨਹੀਂ ਆਉਣ ਦਿੱਤਾ।
ਉਨ੍ਹਾਂ ਕਿਹਾ ਕਿ ਇਹ ਧਰਨਾ 14 ਸਤੰਬਰ ਨੂੰ ਸਵੇਰੇ 10 ਵਜੇ ਸੈਸ਼ਨ ਮੁੜ ਸ਼ੁਰੂ ਹੋਣ ਤੱਕ ਜਾਰੀ ਰਹੇਗਾ। ਲੰਘੀ ਰਾਤ ਤੋਂ 27 ਕਾਂਗਰਸੀ ਵਿਧਾਇਕ ਰੋਸ ਵਜੋਂ ਵਿਧਾਨ ਸਭਾ ਦੇ ਵਿੱਚ ਹੀ ਧਰਨਾ ਮਾਰ ਕੇ ਬੈਠੇ ਰਹੇ।
ਵਿਧਾਨ ਸਭਾ ਦੀ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨੇ ਡੀ .ਆਈ .ਜੀ ਚੰਡੀਗੜ੍ਹ ਪੁਲੀਸ ਏਐਸ ਚੀਮਾ ਨੂੰ ਅੱਜ ਸਵੇਰੇ ਹੀ ਪੰਜਾਬ ਵਿਧਾਨ ਸਭਾ ਵਿੱਚ ਦਾਖਲਾ ਪੂਰੀ ਤਰ੍ਹਾਂ ਬੰਦ ਕਰਨ ਲਈ ਪੱਤਰ ਲਿਖਿਆ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲੀਸ ਨੇ ਵਿਧਾਨ ਸਭਾ ਵਿਚ ਬੈਰੀਅਰ ਲਗਾ ਦਿੱਤਾ ਹੈ |
ਇਸੇ ਦੌਰਾਨ ਜਦੋਂ ਅੱਜ ਸਵੇਰੇ ਵਿਧਾਇਕਾ ਰਾਜਿੰਦਰ ਕੌਰ ਭੱਠਲ ਸਮੇਤ ਵਿਧਾਇਕ ਲਾਲ ਸਿੰਘ, ਕੇਵਲ ਢਿਲੋਂ, ਬ੍ਰਹਮ ਮਹਿੰਦਰਾ, ਰਾਜ ਕੁਮਾਰ ਵੇਰਕਾ, ਹਰਦਿਆਲ ਕੰਬੋਜ ਆਦਿ ਵਿਧਾਨ ਸਭਾ ਵੱਲ ਜਾ ਰਹੇ ਸਨ ਤਾਂ ਪੁਲੀਸ ਨੇ ਹਾਈਕੋਰਟ ਚੌਕ ’ਤੇ ਉਨ੍ਹਾਂ ਨੂੰ ਰੋਕ ਲਿਆ, ਜਿਸ ਦੌਰਾਨ ਇਨ੍ਹਾਂ ਵਿਧਾਇਕਾਂ ਨੇ ਆਪਣੇ ਹੋਰ ਸਮਰਥਕਾਂ ਸਮੇਤ ਚੌਕ ’ਤੇ ਹੀ ਧਰਨਾ ਲਗਾ ਦਿੱਤਾ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਵਿਧਾਇਕਾਂ ਨੇ ਬਾਅਦ ਦੁਪਹਿਰ 1 ਵਜੇ ਪੰਜਾਬ ਸਰਕਾਰ ਦਾ ਪੁਤਲਾ ਸਾੜਨ ਉਪਰੰਤ ਧਰਨਾ ਖਤਮ ਕੀਤਾ।
ਕਾਂਗਰਸ ਦੇ ਮੁੱਖ ਬੁਲਾਰੇ ਸੁਨੀਲ ਜਾਖੜ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਵੀ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਾ ਦੇਣ ਕਾਰਨ ਉਨ੍ਹਾਂ ਕੋਲ ਇਥੇ ਧਰਨਾ ਮਾਰਨ ਤੋਂ ਇਲਾਵਾ ਹੋਰ ਕੋਈ ਚਾਰਾ ਹੀ ਨਹੀਂ ਸੀ। ਬਾਦਲ ਦਾ ਰਾਜ ਪੂਰੀ ਤਰ੍ਹਾਂ ਜੰਗਲ ਰਾਜ ਸਾਬਤ ਹੋਇਆ ਹੈ ਅਤੇ ਸਰਕਾਰ ਜਸਟਿਸ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਉਪਰ ਵੀ ਖਾਮੋਸ਼ ਰਹੀ ਹੈ।
ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਵੱਲੋਂ 1.13 ਲੱਖ ਨੌਕਰੀਆਂ ਦੇਣ ਦਾ ਵਾਅਦਾ ਵੀ ਹਵਾ ਵਿੱਚ ਲਟਕਿਆ ਪਿਆ ਹੈ ਅਤੇ ਰਾਜ ਭਰ ਵਿੱਚ ਬੇਚੈਨੀ ਦਾ ਮਾਹੌਲ ਬਣ ਗਿਆ ਹੈ।
ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਆਗੂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸੁਨੀਲ ਜਾਖੜ, ਰਾਜਾ ਵੜਿੰਗ, ਬਲਬੀਰ ਸਿੱਧੂ, ਕੁਲਜੀਤ ਨਾਗਰਾ, ਸੁਖਜਿੰਦਰ ਰੰਧਾਵਾ, ਗੁਰਕੀਰਤ ਕੋਟਲੀ, ਤ੍ਰਿਪਤ ਰਾਜਿੰਦਰ ਬਾਜਵਾ, ਨਵਤੇਜ ਚੀਮਾ, ਅਰੁਣਾ ਚੌਧਰੀ, ਗੁਰਜੀਤ ਰਾਣਾ, ਅਜੈਬ ਸਿੰਘ ਭੱਟੀ, ਅਸ਼ਵਨੀ ਸ਼ੇਖੜੀ, ਭਾਰਤ ਭੂਸ਼ਨ ਆਸ਼ੂ, ਅਜੀਤ ਇੰਦਰ ਮੋਫਰ, ਤਰਲੋਚਨ ਸਿੰਘ, ਪਰਮਿੰਦਰ ਪਿੰਕੀ, ਮੁਹੰਮਦ ਸਦੀਕ, ਸੁੱਖ ਸਰਕਾਰੀਆ, ਰਜਨੀਸ਼ ਕੁਮਾਰ ਬੱਬੂ ਤੇ ਸੰਗਤ ਸਿੰਘ ਗਿਲਜੀਆਂ ਧਰਨਾ ਮਾਰੀ ਬੈਠੇ ਸਨ।
ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ ਵੀ ਅੱਜ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕਾਂ ਨੂੰ ਮਿਲਣ ਗਈ ਸੀ , ਪਰ ਉਨ੍ਹਾਂ ਨੂੰ ਮਿਲਣ ਦੀ ਆਗਿਆ ਨਹੀਂ ਦਿੱਤੀ ਗਈ।
ਹੁੰਮਸ ਕਾਰਨ ਬਚੈਨੀ: ਭਾਵੇਂ ਪ੍ਰਸ਼ਾਸਨ ਨੇ ਕੱਲ੍ਹ ਰਾਤ ਵਿਧਾਇਕਾਂ ਨੂੰ ਏ .ਸੀ ਚਲਾਉਣ ਦਾ ਭਰੋਸਾ ਦਿੱਤਾ ਸੀ ਪਰ ਇਹ ਚਾਲੂ ਨਾ ਹੋਣ ਕਾਰਨ ਵਿਧਾਇਕ ਟੇਬਲਫੈਨਾਂ ਦਾ ਪ੍ਰਬੰਧ ਕਰਕੇ ਗੁਜ਼ਾਰਾ ਕਰਦੇ ਰਹੇ। ਵਿਧਾਇਕ ਅਜੈਬ ਸਿੰਘ ਭੱਟੀ ਨੇ ਦੱਸਿਆ ਕਿ ਵਿਧਾਨ ਸਭਾ ਵਿੱਚ ਏ .ਸੀ ਬਗੈਰ ਹੁੰਮਸ ਹੋ ਗਈ ਸੀ। ਦੋ ਦਿਨਾਂ ਦੇ ਚੰਗੀ ਤਰ੍ਹਾਂ ਦਸਤਾਰਾਂ ਨਾ ਸਜਾਉਣ ਕਾਰਨ ਅਤੇ ਬਹੁਤਿਆਂ ਵੱਲੋਂ ਕੱਪੜੇ ਨਾ ਬਦਲ ਕਾਰਨ ਉਹ ਬੇਚੈਨ ਰਹੇ। ਵਿਧਾਨ ਸਭਾ ਵਿੱਚ ਰਾਤਾਂ ਗੁਜਾਰਨ ਦਾ ਇਕਦਮ ਪ੍ਰੋਗਰਾਮ ਬਣਨ ਕਾਰਨ ਕੋਈ ਵੀ ਇਸ ਸਥਿਤੀ ਲਈ ਤਿਆਰ ਨਹੀਂ ਸੀ।
Leave a Comment